ਜਨਤਕ-ਜਮਹੂਰੀ, ਤਰਕਸ਼ੀਲ ਜਥੇਬੰਦੀਆਂ ਨੇ ਵਕੀਲ ਅਮਨਦੀਪ ਕੌਰ ਨੂੰ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਰਾਹੀਂ ਚੰਡੀਗੜ੍ਹ ਐੱਸ ਐੱਸ ਪੀ ਲਈ ਮੰਗ-ਪੱਤਰ ਸੌਂਪਿਆ। ਵਫ਼ਦ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਭੰਗ ਕਰਨ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਵਕੀਲ ਅਮਨਦੀਪ ਕੌਰ ਨੇ ਕੇਂਦਰ ਸਰਕਾਰ ਦੇ ਕੋਝੇ ਮਨਸੂਬਿਆਂ ਬਾਰੇ ਵਿਚਾਰ ਰੱਖੇ ਸਨ। ਇਸ ਤੋਂ ਬੁਖਲਾਹਟ ਵਿੱਚ ਆ ਕੇ ਅਮਨਦੀਪ ਕੌਰ ਨੂੰ ਅਗਿਆਤ ਫੋਨ ਰਾਹੀਂ ਧਮਕੀਆਂ ਦੇਣ ਅਤੇ ਪਾਕਿਸਤਾਨ ਚਲੇ ਜਾਣ ਦੇ ਫਰਮਾਨ ਦਿੱਤੇ ਜਾ ਰਹੇ ਹਨ। ਉਨ੍ਹਾਂ ਧਮਕੀ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਜਥੇਬੰਦੀਆਂ ਦੇ ਵਫ਼ਦ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਸਵੰਤ ਜੀਰਖ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੁਦਾਗਰ ਘੁਡਾਣੀ, ਮੋਲਡ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਹਰਜਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ (ਲੁਧਿਆਣਾ) ਦੇ ਬਲਵਿੰਦਰ ਸਿੰਘ, ਅਜਮੇਰ ਦਾਖਾ, ਇਨਕਲਾਬੀ ਮਜ਼ਦੂਰ ਕੇਂਦਰ ਦੇ ਕਾਮਰੇਡ ਸੁਰਿੰਦਰ ਸਿੰਘ, ਕਵਿਤਾ, ਮਹਾਂ ਸਭਾ ਲੁਧਿਆਣਾ ਦੇ ਬਲਕੌਰ ਸਿੰਘ ਗਿੱਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਡਾ. ਸੁਰਜੀਤ ਸਿੰਘ, ਡੈਮੋਕਰੈਟਿਕ ਲਾਇਰ ਐਸੋਸੀਏਸ਼ਨ ਦੇ ਹਰਪ੍ਰੀਤ ਜ਼ੀਰਖ, ਗੁਰਚਰਨ ਦਾਸ, ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਅਰੁਣ ਕੁਮਾਰ, ਇਨਕਲਾਬੀ ਕੇਂਦਰ ਪੰਜਾਬ ਦੇ ਸਤਨਾਮ ਸਿੰਘ ਹਾਜ਼ਰ ਸਨ। ਇੰਨ੍ਹਾਂ ਆਗੂਆਂ ਨੇ ਇਹ ਮੰਗ ਪੱਤਰ ਡੀ ਸੀ ਦੀ ਗ਼ੈਰ-ਮੌਜੂਦਗੀ ਵਿੱਚ ਏ ਡੀ ਸੀ ਰਾਕੇਸ਼ ਸ਼ਰਮਾਂ ਨੂੰ ਸੌਂਪਦਿਆਂ ਮੰਗ ਕੀਤੀ ਗਈ ਕਿ ਵਕੀਲ ਨੂੰ ਧਮਕੀਆਂ ਦੇਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮੰਗ ਪੱਤਰ ਦੀ ਕਾਪੀ ਰਾਜਪਾਲ ਨੂੰ ਭੇਜੀ ਜਾ ਰਹੀ ਹੈ।

