ਇਥੇ ਖੰਨਾ ਤੋਂ ਮੰਡੀ ਗੋਬਿੰਦਗੜ੍ਹ ਨੂੰ ਜਾਂਦਿਆਂ ਪਿੰਡ ਭਾਂਦਲਾ ਨੂੰ ਜਾਣ ਵਾਲੀ ਖਸਤਾ ਹਾਲਤ ਸੜਕ ਤੋਂ ਪ੍ਰੇਸ਼ਾਨ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੇ ਅੱਜ ਸੜਕ ਬੰਦ ਕਰਕੇ ਧਰਨਾ ਲਾਉਂਦਿਆਂ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਿਹਾ ਕਿ ਇਹ ਸੜਕ ਕਿੱਧਰੇ ਵੀ ਦਿਖਾਈ ਨਹੀਂ ਦਿੰਦੀ ਸਗੋਂ ਡੂੰਘੇ ਟੋਏ ਨਜ਼ਰ ਆਉਂਦੇ ਹਨ ਜੇਕਰ ਬਾਰਿਸ਼ ਹੋ ਜਾਵੇ ਤਾਂ ਇਹ ਸੜਕ ਟਾਪੂਆਂ ਦਾ ਰੂਪ ਧਾਰਨ ਕਰ ਲੈਂਦੀ ਹੈ ਜਿੱਥੇ ਰੋਜ਼ਾਨਾ ਅਨੇਕਾਂ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਰੋਜ਼ਾਨਾ ਮਜ਼ਦੂਰ, ਸਕੂਲੀ ਵਿਦਿਆਰਥੀ, ਮੰਡੀਆਂ ਵਿਚ ਫਸਲ ਲੈ ਕੇ ਜਾਣ ਵਾਲੇ ਕਿਸਾਨ, ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਰੀ ਵੱਸ ਲੰਘਣਾ ਪੈਂਦਾ ਹੈ। ਬੀਤੇ ਦਿਨੀਂ ਇਸ ਸੜਕ ’ਤੇ ਲੋਹੇ ਨਾਲ ਭਰੀ ਟਰਾਲੀ ਇਕ ਰਾਹਗੀਰ ਦੀ ਕਾਰ ਉੱਪਰ ਪਲਟ ਗਈ ਬੇਸ਼ੱਕ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਮੌਕੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਦੱਸਿਆ ਕਿ ਇਹ ਸੜਕ ਪਿੰਡ ਭਾਂਦਲਾ ਤੋਂ ਸੰਘੋਲ ਰਾਹੀਂ ਚੰਡੀਗੜ੍ਹ ਪੁੱਜਦੀ ਹੈ।
ਪਿੰਡ ਦੇ ਸਰਪੰਚ ਹਰਿੰਦਰ ਸਿੰਘ ਬੈਨੀਪਾਲ, ਲੋਕ ਗਾਇਕ ਹੁਸ਼ਿਆਰ ਮਾਹੀਂ ਅਤੇ ਕਿਸਾਨ ਮਜ਼ਦੂਰ ਯੂਨੀਅਨ ਦੇ ਨੇਤਾ ਜਸਵੰਤ ਸਿੰਘ ਅਲੀਪੁਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਸੜਕ ਤੇ ਡੂੰਘੇ ਟੋਏ ਪਏ ਹੋਏ ਹਨ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਦੇ ਵੀ ਇਸ ਇਲਾਕੇ ਦੀ ਸਾਰ ਨਹੀਂ ਲਈ ਸਗੋਂ ਕਾਗਜ਼ੀ ਕੀਤੇ ਕੰਮ ਗਿਣਾ ਕੇ ਲੋਕਾਂ ਨੂੰ ਮੁਰਖ ਬਣਾ ਕੇ ਚਲੇ ਜਾਂਦੇ ਹਨ। ਪਿਛਲੇ ਦਿਨੀਂ ਪਿੰਡ ਅਲੀਪੁਰ ’ਚ ਯੁੱਧ ਨਸ਼ਿਆਂ ਵਿਰੁੱਧ ਆਪਣਾ ਪ੍ਰੋਗਰਾਮ ਕਰਨ ਆਏ ਕੈਬਨਿਟ ਮੰਤਰੀ ਸੌਂਦ ਨੂੰ ਪਿੰਡ ਵਾਸੀਆਂ ਨੇ ਇਸ ਸੜਕ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੰਡੀਬੋਰਡ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਜਾਵੇ ਪ੍ਰਤੂੰ ਉਨ੍ਹਾਂ ਵੀ ਕੋਈ ਸਪੱਸ਼ਟ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਅਜੇ ਤੱਕ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਇਹ ਸੜਕ ਹਲਕਾ ਖੰਨਾ ਅਧੀਨ ਪੈਂਦੀ ਹੈ ਜਾਂ ਹਲਕਾ ਅਮਲੋਹ ਅਧੀਨ। ਇਸ ਮੌਕੇ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 15 ਦਿਨਾਂ ਵਿਚ ਇਸ ਸੜਕ ਦਾ ਨਿਰਮਾਣ ਅਤੇ ਉੱਚਾ ਚੱਕ ਕੇ ਡਵਾਈਸ਼ਨ ਪਾ ਕੇ ਨਾ ਕੀਤਾ ਗਿਆ ਤਾਂ ਭਾਂਦਲਾ ਚੌਕ ਪੱਕਾ ਧਰਨਾ ਲਾਇਆ ਜਾਵੇਗਾ ਅਤੇ ਇਥੋਂ ਦੀ ਸਰਵਿਸ ਰੋਡ ’ਤੇ ਵੀ ਆਵਾਜਾਈ ਰੋਕ ਦਿੱਤੀ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ, ਗੁਰਮੁੱਖ ਸਿੰਘ, ਸੁੱਖਾ ਗਰੇਵਾਲ, ਮਲਕੀਤ ਸਿੰਘ, ਤਰਸੇਮ ਸਿੰਘ, ਕੁਲਵਿੰਦਰ ਸਿੰਘ, ਨੱਥਾ ਰਾਮ, ਰਜਿੰਦਰ ਸਿੰਘ, ਸੁਰਿੰਦਰ ਸਿੰਘ, ਮਨੀ ਮਿਥਨ, ਜਸਬੀਰ ਸਿੰਘ, ਟੋਨੀ ਗਰੇਵਾਲ, ਚਰਨਜੀਤ ਸਿੰਘ, ਲਖਵਿੰਦਰ ਸਿੰਘ, ਹਸਨ ਰਾਜ, ਰਕੇਸ਼ ਕੁਮਾਰ, ਕੁਲਦੀਪ ਸਿੰਘ, ਰਾਜ ਕੁਮਾਰ ਹਾਜ਼ਰ ਸਨ।
ਸੜਕ ਲਈ ਮਤਾ ਪਾਸ ਹੋ ਗਿਆ ਹੈ: ਕਾਰਜਸਾਧਕ ਅਧਿਕਾਰੀ
ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਕਾਰਜ ਸਾਧਕ ਅਫ਼ਸਰ ਮੰਡੀ ਗੋਬਿੰਦਗੜ੍ਹ ਚੇਤਨ ਸ਼ਰਮਾ ਨੇ ਕਿਹਾ ਕਿ ਇਸ ਸੜਕ ਲਈ ਮਤਾ ਪਾਸ ਹੋ ਚੁੱਕਾ ਹੈ ਤੇ ਜਲਦ ਹੀ ਮੰਤਰੀ ਸਾਹਿਬ ਦੇ ਦਸਤਖ਼ਤ ਹੋਣ ਮਗਰੋਂ ਸੜਕ ਦਾ ਟੈਂਡ ਲਾ ਕੇ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨਾਲ ਡੀਐੱਸਪੀ ਅੰਮ੍ਰਿਤਪਾਲ ਸਿੰਘ ਭਾਟੀ, ਐੱਸਐੱਚਓ ਸੁਖਵਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।