ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਸੱਦੇ ’ਤੇ ਫਲਸਤੀਨ ਦੇ ਲੋਕਾਂ ਦੇ ਉਜਾੜੇ ਦੇ ਵਿਰੋਧ ਵਿੱਚ ਸਥਾਨਕ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿੱਚ ਸੰਕੇਤਕ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਹਰਕੇਸ਼ ਚੌਧਰੀ, ਡੀਟੀਐੱਫ ਆਗੂ ਬਲਵੀਰ ਸਿੰਘ ਬਾਸੀਆਂ, ਲੈਕਚਰਾਰ ਇਕਬਾਲ ਸਿੰਘ ਪੁੜੈਣ ਨੇ ਇਸ ਸਮੇਂ ਕਿਹਾ ਕਿ ਸਾਮਰਾਜੀ ਧੜਵੈਲ ਅਮਰੀਕਾ ਦੀ ਸ਼ਹਿ ’ਤੇ ਇਜ਼ਰਾਈਲ ਫਲਸਤੀਨੀ ਲੋਕਾਂ ’ਤੇ ਅਣਮਨੁੱਖੀ ਤਸ਼ੱਦਦ ਕਰ ਰਿਹਾ ਹੈ। ਦੁਨੀਆਂ ਭਰ ਦੇ ਪ੍ਰਗਤੀਸ਼ੀਲ ਲੋਕ ਇਸ ਕਤਲੇਆਮ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਰਤਾਨੀਆ ਨੇ 1948 ਤੱਕ ਇਸ ਦੇਸ਼ ਨੂੰ ਲੁੱਟਿਆ ਅਤੇ ਹੁਣ ਇਜ਼ਰਾਈਲ ਨੇ ਫਲਸਤੀਨੀ ਦੇ ਗਾਜ਼ਾ ਪੱਟੀ ਦੇ ਲੋਕਾਂ ਦੇ ਉੱਪਰ ਨਿਹੱਕੀ ਜੰਗ ਥੋਪ ਕੇ ਉਥੋਂ ਦੀ ਧਰਤੀ ਖੋਹੀ ਜਾ ਰਹੀ ਹੈ। ਬੈਸਟ ਬੈਂਕ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਗਾਜ਼ਾ ਪੱਟੀ ਵਿੱਚ ਮਹਿੰਗਾਈ ਕਹਿਰ ਦੀ ਵਧ ਗਈ ਹੈ। ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਦੁਨੀਆਂ ਭਰ ਦੇ ਅਮਨ ਪਸੰਦ ਲੋਕਾਂ ਨੂੰ ਇਸ ਬਾਰੇ ਹਾਅ ਦਾ ਨਾਅਰਾ ਮਾਰਨਾ ਚਾਹੀਦਾ ਹੈ। ਅੰਜੂ ਚੌਧਰੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਰਣਵੀਰ ਸਿੰਘ ਤੇ ਮਾਸਟਰ ਦੀਪਕ ਰਾਏ ਨੇ ਸਾਰਿਆਂ ਦਾ ਧੰਨਵਾਦ ਕੀਤਾ।