ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਵਿਰੁੱਧ ਧਰਨਾ
ਬਿਜਲੀ ਮੁਲਾਜ਼ਮ 29 ਨੂੰ ਮੁੜ ਚੀਫ਼ ਇੰਜੀਨੀਅਰ ਦੇ ਦਫ਼ਤਰ ਅੱਗੇ ਦੇਣਗੇ ਧਰਨਾ; ਬਿਜਲੀ ਮੰਤਰੀ ਦੀ ਕੋਠੀ ਘੇਰਨ ਦਾ ਵੀ ਅੈਲਾਨ
ਇਥੇ ਬਿਜਲੀ ਮੁਲਾਜ਼ਮਾਂ ਤੇ ਅਫ਼ਸਰਾਂ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਸਾਂਝੇ ਤੌਰ ’ਤੇ ਫਿਰੋਜ਼ਪੁਰ ਰੋਡ ਸਥਿਤ ਪਾਵਰਕੌਮ ਦੇ ਚੀਫ਼ ਇੰਜਨੀਅਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ।
ਇਸ ਮੌਕੇ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਬਿਜਲੀ ਨਿਗਮ ਦੀਆਂ 10 ਜਾਇਦਾਦਾਂ ਨੂੰ ਵੇਚਣ ਦੀ ਯੋਜਨਾ ਬਣਾਈ ਹੈ ਜਿਸ ਵਿਰੁੱਧ ਅਤੇ ਇਸ ਫ਼ੈਸਲੇ ਦੀ ਵਾਪਸੀ ਲਈ ਅੱਜ ਸਰਕਲ ਪੱਧਰ ਦਾ ਰੋਸ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਜਾ ਸਰਕਲ ਪੱਧਰ ਦਾ ਧਰਨਾ 29 ਅਕਤੂਬਰ ਨੂੰ ਚੀਫ਼ ਇੰਜਨੀਅਰ ਦਫ਼ਤਰ ਦੇ ਬਾਹਰ ਹੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਤੇ ਬਿਜਲੀ ਮੰਤਰੀ ਨੇ ਉਨ੍ਹਾਂ ਦੀ ਇਹ ਮੰਗ ਨਾ ਮੰਨੀ ਤਾਂ ਦੋ ਨਵੰਬਰ ਨੂੰ ਬਿਜਲੀ ਮੰਤਰੀ ਦੀ ਲੁਧਿਆਣਾ ਸਥਿਤ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨਾ ਦੇਣਗੇ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਹ ਫ਼ੈਸਲਾ ਵਾਪਸ ਨਹੀਂ ਲਿਆ ਜਾਂਦਾ, ਓਦੋਂ ਤੱਕ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਲ 2016 ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਦੋ ਜਾਇਦਾਦਾਂ ਨੂੰ ਵੇਚਣ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਨੂੰ ਮੁਲਾਜ਼ਮਾਂ ਨੇ ਤਿੱਖਾ ਸੰਘਰਸ਼ ਵਿੱਢ ਕੇ ਵਾਪਸ ਕਰਵਾਇਆ ਸੀ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਪਹਿਲੀਆਂ ਦੋ ਜਾਇਦਾਦਾਂ ਵਿੱਚ 8 ਹੋਰ ਬੇਸ਼ਕੀਮਤੀ ਜਾਇਦਾਦਾਂ ਨੂੰ ਜੋੜ ਦਿੱਤਾ ਹੈ।
ਆਗੂਆਂ ਨੇ ਬਿਜਲੀ ਮੰਤਰੀ ’ਤੇ ਵਰ੍ਹਦਿਆਂ ਕਿਹਾ ਕਿ ਇਸ ਨੇ ਆਪਣੀ ਪ੍ਰਾਪਰਟੀ ਡੀਲਰ ਦੀ ਸੋਚ ’ਤੇ ਚੱਲਦਿਆਂ ਬਿਜਲੀ ਨਿਗਮ ਦੀਆਂ 10 ਬਹੁਤ ਹੀ ਮਹਿੰਗੀਆਂ ਜ਼ਮੀਨਾਂ ਅਤੇ ਖੇਤੀਬਾੜੀ ਸਣੇ 16 ਹੋਰ ਬੇਸ਼ਕੀਮਤੀ ਜਾਇਦਾਦਾਂ ਨੂੰ ਵੇਚਣ ਦੀ ਯੋਜਨਾ ਬਣਾਈ ਹੈ ਜੋਂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਇਸ ਲੋਕ ਵਿਰੋਧੀ ਯੋਜਨਾ ਨੂੰ ਵਾਪਸ ਕਰਵਾਉਣ ਲਈ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੂੰ ਵੀ ਇਸ ਘੋਲ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਰਸ਼ਪਾਲ ਸਿੰਘ ਪਾਲੀ, ਰਘਵੀਰ ਸਿੰਘ ਰਾਮਗੜ੍ਹ, ਜਗਤਾਰ ਸਿੰਘ, ਕੇਵਲ ਸਿੰਘ ਬਨਵੈਤ, ਸਵਰਨ ਸਿੰਘ, ਚਮਕੌਰ ਸਿੰਘ, ਬਲਵਿੰਦਰ ਸਿੰਘ ਬਾਜਵਾ, ਜਸਵੀਰ ਸਿੰਘ ਆਂਡਲੂ, ਪਰਸ਼ ਗੁਪਤਾ, ਐਕਸੀਅਨ ਪਰਮਿੰਦਰ ਸਿੰਘ ਤੇ ਸੰਦੀਪ ਸਿੰਘ ਚਾਹਲ, ਸਤੀਸ਼ ਭਾਰਦਵਾਜ, ਗੁਰਪ੍ਰੀਤ ਸਿੰਘ ਮਹਿਦੂਦਾਂ ਤੋਂ ਇਲਾਵਾ ਸਰਕਲ ਪੱਧਰ ਦੇ ਹੋਰ ਆਗੂ ਵੀ ਹਾਜ਼ਰ ਸਨ।

