ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਮਈ
ਇਥੋਂ ਦੇ ਮਾਲੇਰਕੋਟਲਾ ਰੋਡ ’ਤੇ ਪਿੰਡ ਰਸੂਲੜਾ ਦੇ ਬੱਸ ਅੱਡੇ ਨੇੜੇ ਚੱਲ ਰਹੀਆਂ ਗ਼ੈਰ ਕਾਨੂੰਨੀ ਮੀਟ ਦੀਆਂ ਦੁਕਾਨਾਂ ਕਾਰਨ ਇਲਾਕਾ ਵਾਸੀਆਂ ਪ੍ਰੇਸ਼ਾਨ ਹਨ। ਇਨ੍ਹਾਂ ਦੁਕਾਨਾਂ ਕਾਰਨ ਦੂਰ ਦੂਰ ਤੱਕ ਬਦਬੂ ਫੈਲ ਜਾਂਦੀ ਹੈ ਤੇ ਸਿਹਤ ਲਈ ਵੀ ਖਤਰਾ ਖੜ੍ਹਾ ਹੋ ਗਿਆ ਹੈ। ਇਸ ਦੇ ਨਾਲ ਹੀ ਦੁਕਾਨਾਂ ਨੇੜੇ ਘੁੰਮਦੇ ਆਵਾਰਾ ਕੁੱਤੇ ਮਾਸਖੋਰ ਬਣ ਰਹੇ ਹਨ ਜੋ ਆਉਂਦੇ ਜਾਂਦੇ ਰਾਹਗੀਰਾਂ ਤੇ ਬੱਚਿਆਂ ਲਈ ਖਤਰਾ ਬਣ ਗਏ ਹਨ। ਇਸ ਰਾਹ ਰਾਹੀਂ ਹੀ ਬੱਚੇ ਸਕੂਲ ਜਾਂਦੇ ਹਨ। ਬੱਸ ਅੱਡੇ ਨੇੜੇ ਖੁੱਲ੍ਹੇ ਸ਼ਰਾਬ ਦੇ ਠੇਕੇ ’ਤੇ ਦਿਨ ਰਾਤ ਸ਼ਰਾਬੀਆਂ ਦੀ ਭੀੜ ਲੱਗੀ ਰਹਿੰਦੀ ਹੈ ਜਿਸ ਨਾਲ ਔਰਤਾਂ ਦਾ ਇਥੋਂ ਲੰਘਣਾ ਔਖਾ ਹੋ ਗਿਆ ਹੈ। ਇਲਾਕਾ ਵਾਸੀਆਂ ਨੂੰ ਰੋਸ ਹੈ ਕਿ ਇਸ ਸਬੰਧ ਵਿੱਚ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।
ਪਿੰਡ ਦੀ ਪੰਚਾਇਤ ਅਤੇ ਲੋਕਾਂ ਨੇ ਕਈ ਵਾਰ ਸਬੰਧਤ ਅਧਿਕਾਰੀਆਂ ਕੋਲ ਫਰਿਆਦ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ। ਪੰਚਾਇਤ ਮੈਂਬਰ ਵਰਿੰਦਰ ਸਿੰਘ ਜੋਤੀ ਨੇ ਦੱਸਆ ਕਿ ਉਹ ਕਈ ਵਾਰ ਐੱਸਡੀਐੱਮ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ ਪਰ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ, ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਇਹ ਦੁਕਾਨਾਂ ਨਾ ਹਟਾਈਆਂ ਗਈਆਂ ਤੇ ਠੇਕੇ ’ਤੇ ਪਾਬੰਦੀ ਨਾ ਲਾਈ ਗਈ ਤਾਂ ਉਹ ਧਰਨਾ ਲਾਉਣ ਲਈ ਮਜਬੂਰ ਹੋਣਗੇ।
ਜਾਂਚ ਕਰਵਾ ਕੇ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ
ਕਮਿਊਨਿਟੀ ਹੈਲਥ ਸੈਂਟਰ ਦਾ ਵਾਧੂ ਚਾਰਜ ਸੰਭਾਲ ਰਹੇ ਐਸਐਮਓ ਡਾ.ਜਸਦੇਵ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਸੁਪਰਵਾਈਜ਼ਰ ਦੀ ਡਿਊਟੀ ਲਗਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।