ਆਦਿਵਾਸੀਆਂ ਦੇ ‘ਫਰਜ਼ੀ’ ਮੁਕਾਬਲਿਆਂ ਖ਼ਿਲਾਫ਼ ਪ੍ਰਦਰਸ਼ਨ
ਮਾੜਵੀ ਹਿੜਮਾ ਨੂੰ ਫਡ਼ ਕੇ ਕਤਲ ਕਰਨ ਦਾ ਦੋਸ਼; ਹਿਰਾਸਤ ਵਿੱਚ ਲਏ ਆਗੂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ
ਛੱਤੀਸਗੜ੍ਹ, ਬਸਤਰ, ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਆਦਿ ਥਾਵਾਂ ’ਤੇ ਮਾਓਵਾਦੀਆਂ ਤੇ ਆਦਿਵਾਸੀਆਂ ਨੂੰ ਪੁਲੀਸ ਹਿਰਾਸਤ ਵਿੱਚ ਲੈ ਕੇ ਕਥਿਤ ਝੂਠੇ ਪੁਲੀਸ ਮੁਕਾਬਲੇ ਬਣਾਉਣ ਖ਼ਿਲਾਫ਼ ਅੱਜ ਇਥੇ ਸੀਪੀਆਈ (ਐੱਮ ਐੱਲ) ਨਿਊ ਡੈਮੋਕਰੇਸੀ ਦੇ ਸੱਦੇ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਸਥਾਨਕ ਬੱਸ ਅੱਡੇ ਤੋਂ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਤਕ ਮਾਰਚ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਗ੍ਰਿਫ਼ਤਾਰ ਆਦਿਵਾਸੀ ਤੇ ਮਾਓਵਾਦੀ ਆਗੂਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਗਈ। ਜੇਲ੍ਹਾਂ ਵਿੱਚ ਡੱਕੇ ਸਿਆਸੀ ਬੰਦੀਆਂ, ਸਮਾਜਿਕ ਕਾਰਕੁਨਾਂ, ਬੁੱਧੀਜੀਵੀਆਂ, ਲੇਖਕਾਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ ਗਈ। ਆਗੂਆਂ ਨੇ ਆਦਿਵਾਸੀਆਂ ਦੇ ਜਲ, ਜੰਗਲ ਤੇ ਜ਼ਮੀਨ ਦੇ ਹੱਕ ਨੂੰ ਬਰਕਰਾਰ ਰੱਖਣ ਸਬੰਧੀ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ।
ਜਥੇਬੰਦੀ ਦੇ ਆਗੂ ਅਵਤਾਰ ਸਿੰਘ ਤਾਰੀ, ਪੇਂਡੂ ਮਜ਼ਦੂਰ ਯੂਨੀਅਨ ਦੇ ਸੁਖਦੇਵ ਸਿੰਘ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅੱਚਰਵਾਲ ਨੇ ਕਿਹਾ ਕਿ ਸਾਮਰਾਜ ਅਤੇ ਕਾਰਪੋਰੇਟ ਵੱਲੋਂ ਦੇਸ਼ ਦੇ ਜਲ, ਜੰਗਲ ਜ਼ਮੀਨ, ਖਣਿਜ ਪਦਾਰਥਾਂ ਦੀ ਲੁੱਟ ਖ਼ਿਲਾਫ਼ ਲੜ ਰਹੇ ਮਾਓਵਾਦੀ ਤੇ ਆਦਿਵਾਸੀਆਂ ਨਾਲ ਗੱਲਬਾਤ ਕਰਨ ਦੀ ਬਜਾਏ ਭਾਜਪਾ, ਆਰ ਐੱਸ ਐੱਸ ਕਾਨੂੰਨ, ਸੰਵਿਧਾਨ ਨੂੰ ਛਿੱਕੇ ਟੰਗ ਕੇ ਸਿੱਧੇ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਮਾਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੀ ਪੀ ਆਈ ਮਾਓਵਾਦੀ ਦੇ ਸਕੱਤਰ ਤਿਰੂਪਤੀ (ਦੇਵ ਜੀ) ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਸਮੇਤ ਬਾਕੀ ਮਾਓਵਾਦੀਆਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਗ੍ਰਿਫ਼ਤਾਰ ਆਗੂਆਂ ਦਾ ਪੁਲੀਸ ਮੁਕਾਬਲਾ ਬਣਾਉਣ ਦਾ ਖ਼ਦਸ਼ਾ ਜਤਾਇਆ। ਉਨ੍ਹਾਂ ਕਿਹਾ ਕਿ ਪੁਲੀਸ ਤੇ ਸਰਕਾਰ ਖੁਦ ਅਦਾਲਤ ਤੇ ਜੱਜ ਬਣ ਕੇ ਲੋਕਾਂ ਦਾ ਖੂਨ ਨਹੀਂ ਵਹਾ ਸਕਦੀ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰ ਐੱਸ ਐੱਸ 31 ਮਾਰਚ 2026 ਤਕ ਨਕਸਲਵਾਦ ਨੂੰ ਖ਼ਤਮ ਕਰਨ ਦੇ ਬਹਾਨੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾ ਕੇ ਕਾਰਪੋਰੇਟ ਦੀ ਲੁੱਟ ਤੇਜ਼ ਕਰਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਉਮਰ ਖਾਲਿਦ, ਸੋਨਮ ਵਾਂਗਚੂਕ, ਯਾਸਿਨ ਮਲਿਕ ਸਮੇਤ ਸੈਂਕੜੇ ਸਿਆਸੀ ਕਾਰਕੁਨ, ਬੁੱਧੀਜੀਵੀਆਂ, ਲੇਖਕਾਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਕੀਤਾ ਹੋਇਆ ਹੈ। ਕਈ ਤਾਂ ਬਿਨਾਂ ਮੁਕੱਦਮਿਆਂ ਤੋਂ ਹੀ ਰੱਖੇ ਹੋਏ ਹਨ। ਸਿੱਖ ਕੈਦੀ ਕਾਨੂੰਨ ਵੱਲੋਂ ਦਿੱਤੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਰਿਹਾਅ ਨਹੀਂ ਕੀਤੇ ਜਾ ਰਹੇ। ਇਸ ਮੌਕੇ ਬਲਵਿੰਦਰ ਸਿੰਘ ਕੋਠੇ ਪੋਨਾ, ਜਗਰੂਪ ਸਿੰਘ ਗਿੱਲ, ਬਲਦੇਵ ਸਿੰਘ ਪੰਨੂ, ਚਰਨਜੀਤ ਸਿੰਘ, ਜਲੌਰ ਸਿੰਘ, ਜਿੰਦਰ ਸਿੰਘ ਆਦਿ ਤੋਂ ਇਲਾਵਾ ਔਰਤਾਂ ਵੀ ਹਾਜ਼ਰ ਸਨ।

