ਦਲਿਤਾਂ ’ਤੇ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਮੁਜ਼ਾਹਰਾ
ਭਾਜਪਾ ਦੇ ਕਾਰਜਕਾਲ ਦੌਰਾਨ ਦਲਿਤਾਂ ’ਤੇ ਲਗਾਤਾਰ ਵੱਧ ਰਹੇ ਹਨ ਅੱਤਿਆਚਾਰ: ਡੁਲਗਚ
ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ, ਭਾਰਤ ਦੇ ਚੀਫ਼ ਜਸਟਿਸ ਬੀਆਰ ਗਵਈ ’ਤੇ ਜੁੱਤੀ ਸੁੱਟਣ ਅਤੇ ਰਾਏਬਰੇਲੀ ਵਿੱਚ ਹਰੀ ਓਮ ਵਾਲਮੀਕਿ ਦੀ ਹੱਤਿਆ ਵਰਗੀਆਂ ਘਟਨਾਵਾਂ ਦੇ ਰੋਸ ਵੱਜੋਂ ਦਲਿਤ ਭਾਈਚਾਰੇ ਨੇ ਮੋਦੀ ਸਰਕਾਰ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ ਕੀਤਾ।
ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਡੁਲਗਚ ਨੇ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਸਾਬਿਤ ਕਰਦੀਆਂ ਹਨ ਕਿ ਭਾਜਪਾ ਸਰਕਾਰਾਂ ਦੇ ਸ਼ਾਸ਼ਨ ਵਿੱਚ ਐਸਸੀ ਸਮਾਜ ’ਤੇ ਬਹ ਜਿਆਦਾ ਜ਼ੁਲਮ ਹੋ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ-ਆਰਐਸੈਸ ਦੀ ਹਿੰਦੂਵਾਦੀ ਸੋਚ ਨੂੰ ਪੂਰੇ ਦੇਸ਼ ’ਤੇ ਥੋਪਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਨੇ ਖੁਦਕੁਸ਼ੀ ਕਰ ਸਮੇਂ ਲਿਖੇ ਸੁਸਾਈਡ ਨੋਟ ਵਿੱਚ 10 ਤੋਂ 12 ਵਿਅਕਤੀਆਂ ਦੇ ਨਾਮ ਲਿਖੇ ਸਨ, ਪਰ ਉਨ੍ਹਾਂ ਖਿਲਾਫ ਹਰਿਆਣਾ ਸਰਕਾਰ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇ ਕਰ ਇੱਕ ਆਈ ਪੀ ਐੱਸ ਅਧਿਕਾਰੀ ਨਾਲ ਜਾਤੀ ਭੇਦਭਾਵ ਕੀਤਾ ਜਾ ਰਿਹਾ ਹੈ ਤਾਂ ਆਮ ਦਲਿਤਾਂ ਦੀ ਮਾੜੀ ਸਥਿਤੀ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਉਕਤ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਦੇਸ਼ ਭਰ ਦੇ ਦਲਿਤ ਭਾਈਚਾਰੇ ਨੂੰ ਇੱਕਜੁੱਟ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਗੁਰਰਾਜ ਸਿੰਘ ਚੀਮਾ, ਅਨਮੋਲ ਦੱਤ, ਰਾਮ ਕੁਮਾਰ ਪਾਰਚਾ, ਅਮਿਤ ਰੋਹਤਗੀ, ਵਿਕਾਸ ਸੂਦ, ਅਮਨ ਸੋਦੇ, ਵਿਕਾਸ ਸੋਦਾਈ, ਸਾਹਿਲ ਕੁਮਾਰ, ਗੋਰਵ ਡੁਲਗਚ, ਰੁਪੇਸ਼ ਚੋਟਾਲਾ, ਸੋਨੂੰ ਕੁਮਾਰ, ਸ਼ਿਵਮ ਕੁਮਾਰ, ਅੰਕਿਤ ਕੁਮਾਰ ਅਤੇ ਹਰਸ਼ ਕੁਮਾਰ ਆਦਿ ਵੀ ਹਾਜ਼ਰ ਸਨ।