ਪੰਜਾਬ ਦੇ ਹੱਕਾਂ ਦੀ ਰਾਖੀ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਸੰਭਵ: ਦਿਓਲ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਪਿੰਡ-ਪਿੰਡ ਭਰਵੇਂ ਇਕੱਠ
ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਨੇ ਅੱਜ ਪਿੰਡ ਛੱਜਾਵਾਲ ਵਿਖੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਸਬੰਧੀ ਰੱਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਨਾਲ ਹੀ ਉਨ੍ਹਾਂ ਜ਼ਿਲ੍ਹਾ ਪਰਿਸ਼ਦ ਦੇ ਹਾਂਸ ਕਲਾਂ ਜ਼ੋਨ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਅਤੇ ਬਲਾਕ ਸਮਿਤੀ ਜ਼ੋਨ ਛੱਜਾਵਾਲ ਤੋਂ ਉਮੀਦਵਾਰ ਕਮਲਜੀਤ ਕੌਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਹਲਕਾ ਦਾਖਾ ਦੇ ਅੱਧੀ ਦਰਜਨ ਹੋਰ ਪਿੰਡਾਂ ਵਿੱਚ ਉਨ੍ਹਾਂ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਜਲਸੇ ਕੀਤੇ। ਇਸ ਸਮੇਂ ਬੋਲਦਿਆਂ ਜਸਕਰਨ ਦਿਓਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇਕੱਲੀ ਖੇਤਰੀ ਤੇ ਪੰਜਾਬ ਪੱਖੀ ਪਾਰਟੀ ਹੈ, ਜੋ ਸੂਬੇ ਦੇ ਅਧਿਕਾਰਾਂ ਲਈ ਸਦਾ ਮੁੱਖ ਭੂਮਿਕਾ ਨਿਭਾਉਂਦੀ ਰਹੀ ਹੈ ਤੇ ਭਵਿੱਖ ਵਿੱਚ ਵੀ ਇਸੇ ਭੂਮਿਕਾ ਨੂੰ ਨਿਭਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ, ਕਾਂਗਰਸ ਹੋਵੇ ਜਾਂ ਭਾਜਪਾ ਹੋਵੇ, ਸਭ ਦੀ ਤਾਰ ਦਿੱਲੀ ਤੋਂ ਹਿੱਲਦੀ ਹੈ ਅਤੇ ਉਨ੍ਹਾਂ ਨੂੰ ਪੰਜਾਬ ਦੇ ਮੁੱਦਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਇੱਛਾ ਸਾਫ਼ ਨਜ਼ਰ ਆ ਰਹੀ ਹੈ ਅਤੇ ਇਸ ਦਾ ਸਬੂਤ ਪੰਜਾਬ ਦੇ ਲੋਕ 14 ਦਸੰਬਰ ਨੂੰ ਹੋਣ ਵਾਲੀਆਂ ਸਥਾਨਕ ਚੋਣਾਂ ਵਿੱਚ ਦੇਣਗੇ। ਅਖ਼ੀਰ ਵਿੱਚ ਜਸਕਰਨ ਸਿੰਘ ਦਿਓਲ ਨੇ ਛੱਜਾਵਾਲ ਦੇ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਡੀ ਗਿਣਤੀ ਵਿੱਚ ਵੋਟ ਪਾ ਕੇ ਜ਼ਿਲ੍ਹਾ ਪਰਿਸ਼ਦ ਜ਼ੋਨ ਹਾਂਸ ਕਲਾਂ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਅਤੇ ਬਲਾਕ ਸਮਿਤੀ ਜ਼ੋਨ ਛੱਜਾਵਾਲ ਤੋਂ ਉਮੀਦਵਾਰ ਬੀਬੀ ਕਮਲਜੀਤ ਕੌਰ ਨੂੰ ਜਿਤਾਉਣ ਅਤੇ ਜ਼ਮੀਨੀ ਪੱਧਰ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਸਾਬਕਾ ਸਰਪੰਚ ਸਵਰਨ ਸਿੰਘ ਗਿੱਲ ਛੱਜਾਵਾਲ ਨੇ ਜਸਕਰਨ ਦਿਓਲ ਤੇ ਹੋਰ ਆਗੂਆਂ ਦਾ ਪਿੰਡ ਪਹੁੰਚਣ ’ਤੇ ਸਵਾਗਤ ਕੀਤਾ। ਇਸ ਮੌਕੇ ਗੁਰਿੰਦਰਜੀਤ ਸਿੰਘ ਰੂਮੀ, ਸਾਬਕਾ ਚੇਅਰਮੈਨ ਬਲਦੇਵ ਸਿੰਘ ਬੀਰ ਗਗੜਾ, ਚੇਅਰਮੈਨ ਤਰਸੇਮ ਸਿੰਘ ਚਚਰਾੜੀ, ਪ੍ਰਧਾਨ ਸੁਰਜੀਤ ਸਿੰਘ ਕੋਠੇ ਹਾਂਸ, ਸਰਕਲ ਪ੍ਰਧਾਨ ਹਰਪਾਲ ਸਿੰਘ ਕੋਠੇ ਪੋਨੇ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਉੱਪਲ, ਹਰਦੀਪ ਸਿੰਘ, ਬਸੰਤ ਸਿੰਘ ਸੰਤਾ, ਕੁਲਦੀਪ ਸਿੰਘ ਜੀ ਐੱਮ, ਹਾਕਮ ਸਿੰਘ, ਬਲਬੀਰ ਸਿੰਘ ਸੂਬੇਦਾਰ, ਸੰਦਲ ਸਿੰਘ, ਜਸਵੀਰ ਸਿੰਘ ਜੱਸੀ, ਜਗਦੇਵ ਸਿੰਘ ਜੱਗਾ, ਗੁਰਵਿੰਦਰ ਸਿੰਘ ਕੋਠੇ ਹਾਂਸ ਆਦਿ ਹਾਜ਼ਰ ਰਹੇ।

