ਬਾਇਓ ਗੈਸ ਫੈਕਟਰੀਆਂ ਬੰਦ ਕਰਵਾਉਣ ਦਾ ਅਹਿਦ
ਬਾਇਓ ਗੈਸ ਪਲਾਂਟ ਵਿਰੋਧੀ ਸੰਘਰਸ਼ ਤਾਲਮੇਲ ਕਮੇਟੀ ਨੇ ਐਲਾਨ ਕੀਤਾ ਹੈ ਕਿ ਬਾਇਓ ਗੈਸ ਫੈਕਟਰੀਆਂ ਕਿਸੇ ਵੀ ਕੀਮਤ ’ਤੇ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਤਾਲਮੇਲ ਕਮੇਟੀ ਦੀ 24 ਜੁਲਾਈ ਨੂੰ ਪਿੰਡ ਚਾਹੜ ਵਿੱਚ ਹੋਣ ਵਾਲੀ ਮੀਟਿੰਗ ਦੌਰਾਨ ਕੀਤਾ ਜਾਵੇਗਾ। ਇਹ ਫ਼ੈਸਲਾ ਅੱਜ ਇੱਥੇ ਬਾਈਓ ਗੈਸ ਪਲਾਂਟਾਂ ਖ਼ਿਲਾਫ਼ ਬੀਤੇ ਸਵਾ 16 ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਮੀਟਿੰਗ ਵਿੱਚ ਕੀਤਾ ਗਿਆ, ਜੋ ਅੱਜ ਬੀਬੀ ਅਮਰ ਕੌਰ ਯਾਦਗਾਰ ਲਾਇਬਰੇਰੀ ਵਿੱਚ ਕੋਆਰਡੀਨੇਟਰ ਸੁਖਦੇਵ ਸਿੰਘ ਭੂੰਦੜੀ ਦੀ ਪ੍ਰਧਾਨਗੀ ਹੇਠ ਹੋਈ। ਕਮੇਟੀ ਮੈਂਬਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਅਖਾੜਾ, ਭੂੰਦੜੀ, ਮੁਸ਼ਕਾਬਾਦ, ਬੱਗਾ ਕਲਾਂ / ਚਾਹੜ ਪਲਾਂਟਾਂ ਖ਼ਿਲਾਫ਼ ਸੰਘਰਸ਼ਸੀਲ ਕਮੇਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਇੱਕਲੇ-ਇੱਕਲੇ ਪਲਾਂਟ ਦੀ ਕਮੇਟੀ ਨੂੰ ਸੱਦ ਕੇ ਮੀਟਿੰਗਾਂ ਕਰਨ ਦੀ ਕਾਰਵਾਈ ਨੂੰ ਗੈਰ ਸਿਧਾਂਤਕ ਦੱਸਦਿਆਂ ਕਿਹਾ ਕਿ ਜਦੋਂ ਮੁੱਖ ਮੰਤਰੀ ਨਾਲ 5 ਜੁਲਾਈ ਨੂੰ ਚੰਡੀਗੜ੍ਹ ਵਿੱ ਵਿੱਚ ਹੋਈ ਮੀਟਿੰਗ ਵਿੱਚ ਇਨ੍ਹਾਂ ਪਲਾਂਟਾਂ ਦੀ ਵਿਗਿਆਨਕ ਅਤੇ ਤਕਨੀਕੀ ਖੋਜ ਪੜਤਾਲ ਲਈ ਸਾਂਝੀ ਕਮੇਟੀ ਬਣ ਚੁੱਕੀ ਹੈ ਤਾਂ ਉਨੀ ਦੇਰ ਤੱਕ ਇਕੱਲੇ ਇਕੱਲੇ ਨੂੰ ਸੱਦ ਕੇ ਮੀਟਿੰਗ ਕਰਨ ਦੀ ਕੋਈ ਤੁੱਕ ਨਹੀਂ ਬਣਦੀ ਹੈ।
ਉਨ੍ਹਾਂ ਕਿਹਾ ਕਿ ਤਾਲਮੇਲ ਕਮੇਟੀ ਵੱਲੋਂ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ ਕਿ ਸਰਕਾਰ ਇਨ੍ਹਾਂ ਪਲਾਂਟਾਂ ਦੇ ਸਾਰੇ ਦਸਤਾਵੇਜ਼, ਸਰਕਾਰ ਨਾਲ ਹੁਣ ਤੱਕ ਹੋਈਆਂ ਸਾਰੀਆ ਮੀਟਿੰਗਾਂ ਦੀ ਕਾਰਵਾਈ, ਪਲਾਟਾਂ ਨੂੰ ਸਰਕਾਰ ਅਤੇ ਪ੍ਰਦੂਸ਼ਣ ਰੋਕਥਾਮ ਅਤੇ ਹੋਰਾਂ ਅਦਾਰਿਆ ਵੱਲੋਂ ਜਾਰੀ ਇਤਰਾਜ਼ ਨਹੀਂ ਸਰਟੀਫਿਕੇਟਾਂ ਦੀਆਂ ਨਕਲਾਂ ਮੁਹੱਈਆ ਕਰਵਾਏ।
ਮੀਟਿੰਗ ਵਿੱਚ ਸ਼ਾਮਲ ਨੁੰਮਾਇੰਦਿਆਂ ਨੇ ਕਿਹਾ ਕਿ ਤਾਲਮੇਲ ਕਮੇਟੀ ਵੱਲੋਂ ਪਹਿਲਾਂ ਸਰਕਾਰ ਨਾਲ ਹੋਈਆਂ ਚਾਰ ਮੀਟਿੰਗਾਂ ਵਿੱਚ ਸਾਬਤ ਹੋ ਚੁੱਕਾ ਹੈ ਕਿ ਇਹ ਬਾਇਓ ਗੈਸ ਪਲਾਂਟ ਅਸਲ ਚ ਕੈਂਸਰ ਪਲਾਂਟ ਹਨ ਜੋ ਕਿ ਕਿਸੇ ਵੀ ਕੀਮਤ ’ਤੇ ਨਹੀ ਚੱਲਣ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਸੰਘਰਸ਼ ਦੀ ਮਜ਼ਬੂਤੀ ਲਈ 24 ਜੁਲਾਈ ਨੂੰ ਸਵੇਰੇ 11 ਵਜੇ ਪਿੰਡ ਚਾਹੜ ਦੇ ਗੁਰਦੁਆਰਾ ਸਾਹਿਬ ਵਿੱਚ ਵਿਸ਼ਾਲ ਇੱਕਤਰਤਾ ਕੀਤੀ ਜਾ ਰਹੀ ਹੈ ਜਿਸ ਵਿੱਚ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੁੱਚੇ ਪਿੰਡ ਆਰ ਪਾਰ ਦੀ ਲੜਾਈ ਲਈ ਤਿਆਰ ਬਰ ਤਿਆਰ ਹਨ। ਮੀਟਿੰਗ ਵਿੱਚ ਮੁਸ਼ਕਾਬਾਦ ਪਲਾਂਟ ਦਾ ਖੋਜ ਰਿਪੋਰਟ ਆਉਣ ਤੱਕ ਉਸਾਰੀ ਕੰਮ ਬੰਦ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਨੇ ਸਾਰੇ ਮੋਰਚਿਆਂ ਤੇ ਲੋਕ ਸੰਘਰਸ਼ ਮਘਦਾ ਰੱਖਣ ਦਾ ਭਰੋਸਾ ਦਿਵਾਇਆ। ਇਸ ਮੌਕੇ ਲੱਛਮਣ ਸਿੰਘ ਕੂੰਮਕਲਾਂ, ਗੁਰਤੇਜ ਸਿੰਘ ਅਖਾੜਾ, ਡਾ: ਬਲਵਿੰਦਰ ਔਲਖ, ਡਾ ਵੀਕੇ ਸੈਣੀ, ਸੁਰਜੀਤ ਸਿੰਘ ਭੂੰਦੜੀ, ਅਮਰੀਕ ਸਿੰਘ ਭੂੰਦੜੀ, ਹਰਮੇਲ ਸਿੰਘ, ਰੂਪ ਸਿੰਘ, ਕੁਲਵਿੰਦਰ ਸਿੰਘ, ਜਸਪਾਲ ਸਿੰਘ ਚਾਹੜ, ਹਰਪਾਲ ਸਿੰਘ, ਸਤਨਾਮ ਸਿੰਘ ਸਰਪੰਚ ਅਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ।