ਸ਼ਹਿਰ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚ ‘ਰੈੱਡ ਰਿਬਨ ਕਲੱਬਾਂ’ ਵੱਲੋਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਤਹਿਤ ਸਰਕਾਰੀ ਕਾਲਜ ਲੜਕੀਆਂ ਵਿੱਚ ਕਾਲਜ ਪ੍ਰਿੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ‘ਰੈੱਡ ਰਿਬਨ ਕਲੱਬ’ ਨੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਰੈੱਡ ਰਿਬਨ ਕਲੱਬ ਕੋਆਰਡੀਨੇਟਰਾਂ, ਲੁਧਿਆਣਾ ਦੀ ਐਡਵੋਕੇਸੀ ਮੀਟਿੰਗ ਦੀ ਮੇਜ਼ਬਾਨੀ ਕੀਤੀ। ਸਮਾਗਮ ਦੀ ਸ਼ੁਰੂਆਤ ਖ਼ਜ਼ਾਨਚੀ ਗੁਰਲੀਨ ਕੌਰ ਖੰਗੂੜਾ ਵੱਲੋਂ ‘ਰੈੱਡ ਰਿਬਨ ਕਲੱਬ: ਇਸਦੀ ਨੀਂਹ ਅਤੇ ਪ੍ਰਭਾਵ’ ਵਿਸ਼ੇ ’ਤੇ ਭਾਸ਼ਣ ਨਾਲ ਕੀਤੀ। ਯੁਵਕ ਸੇਵਾਵਾਂ ਦੇ ਡਿਪਟੀ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਅਤੇ ਸਿਵਲ ਹਸਪਤਾਲ ਦੇ ਡਾ. ਸਰੋਜ ਦਾ ਸਮਾਗਮ ਵਿੱਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਲੋਟੇ ਨੇ ਮੀਟਿੰਗ ਦੌਰਾਨ ਐਚਆਈਵੀ/ਏਡਜ਼ ਜਾਗਰੂਕਤਾ, ਖੂਨਦਾਨ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਮੁੱਖ ਮੁੱਦਿਆਂ ਬਾਰੇ ਗੱਲ ਕੀਤੀ ਜਦਕਿ ਡਾ. ਸਰੋਜ ਨੇ ਐਚਆਈਵੀ/ਏਡਜ਼ ਦੀਆਂ ਚੁਣੌਤੀਆਂ ਅਤੇ ਕਲੰਕ ਨੂੰ ਦੂਰ ਕਰਨ ਦੇ ਉਪਾਵਾਂ ਅਤੇ ਰੋਕਥਾਮ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਅਫਸਰਾਂ ਡਾ. ਸੁਖਮਨਦੀਪ ਕੌਰ, ਮਨਪ੍ਰੀਤ ਕੌਰ ਨੇ ਸਮਾਗਮ ਨੂੰ ਸਫਲ ਬਣਾਉਣ ’ਚ ਅਹਿਮ ਭੁਮਿਕਾ ਨਿਭਾਈ। ਇਸੇ ਤਰ੍ਹਾਂ ਆਰੀਆ ਦੇ ਵਿਦਿਆਰਥੀਆਂ ਨੇ ਰੈੱਡ ਰਿਬਨ ਕਲੱਬ ਇੰਚਾਰਜ ਰੇਖਾ ਭਨੋਟ ਦੇ ਨਾਲ ਰੈੱਡ ਮੈਰਾਥਨ ਵਿੱਚ ਹਿੱਸਾ ਲਿਆ ਜੋ ਕਿ ਲੁਧਿਆਣਾ ਦੇ ਰੈੱਡ ਰਿਬਨ ਕਲੱਬਾਂ ਵੱਲੋਂ ਜਾਗਰੂਕਤਾ ਪੈਦਾ ਕਰਨ ਲਈ ਕਰਵਾਈ ਗਈ ਸੀ।
+
Advertisement
Advertisement
Advertisement
×