ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਨਿਰਦੇਸ਼ਾਂ ’ਤੇ ਅੱਜ ਪੰਜਾਬ ਦੇ 136 ਏਡਿਡ ਕਾਲਜਾਂ ਵਿਚ 2 ਪੀਰੀਅਡਾਂ ਦਾ ਧਰਨਾ ਦਿੱਤਾ ਗਿਆ। ਇਸੇ ਤਹਿਤ ਇਥੋਂ ਦੇ ਏ.ਐਸ ਕਾਲਜ ਫਾਰ ਵਿਮੈੱਨ ਵਿੱਚ ਪ੍ਰੋਫੈਸਰਾਂ ਨੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਦੀ ਫੇਲ੍ਹ ਨੀਤੀ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ.ਚਮਕੌਰ ਸਿੰਘ ਨੇ ਕਿਹਾ ਕਿ ਪਿਛਲੇ 5 ਮਹੀਨਿਆਂ ਤੋਂ ਪੰਜਾਬ ਸਰਕਾਰ ਨੇ ਏਡਿਡ ਕਾਲਜਾਂ ਦੀ ਗ੍ਰਾਂਟ ਜਾਰੀ ਨਹੀਂ ਕੀਤੀ ਅਤੇ ਪ੍ਰੋਫੈਸਰ ਬਿਨ੍ਹਾਂ ਤਨਖਾਹ ਤੋਂ ਜ਼ਿੰਦਗੀ ਕੱਟਣ ਲਈ ਮਜ਼ਬੂਰ ਹੋ ਰਹੇ ਹਨ।
ਪ੍ਰੋ. ਕਮਲਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਉੱਚ ਸਿੱਖਿਆ ਨੂੰ ਬਚਾਉਣ ਵਿਚ ਅਸਫ਼ਲ ਹੋ ਰਹੀ ਹੈ। ਹਾਈਕੋਰਟ ਦੇ ਆਦੇਸ਼ਾਂ ਤੇ ਕੱਢੀਆਂ ਪੋਸਟਾਂ ’ਤੇ ਬੈਨ ਲਗਾ ਕੇ ‘ਆਪ’ ਸਰਕਾਰ ਨੇ ਆਪਣਾ ਸਿੱਖਿਆ ਵਿਰੋਧੀ ਚਿਹਰਾ ਪੇਸ਼ ਕੀਤਾ ਹੈ, ਜੋ ਨਿੰਦਣਯੋਗ ਫੈਸਲਾ ਹੈ। ਯੂਨਿਟ ਸਕੱਤਰ ਅਮਰਦੀਪ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗ੍ਰਾਂਟ 95 ਤੋਂ ਘਟਾ ਕੇ 75 ਪ੍ਰਤੀਸ਼ਤ ਕਰ ਦਿੱਤੀ ਗਈ ਜਿਸ ਨਾਲ ਏਡਿਡ ਕਾਲਜਾਂ ਦੀ ਵਿੱਤੀ ਹਾਲਤ ਖਰਾਬ ਹੋ ਗਈ। ਡਾ.ਗੋਲਡੀ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਏਡਿਡ ਕਾਲਜਾਂ ਨੂੰ ਖ਼ਤਮ ਕਰਕੇ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਹੱਥਾਂ ਵਿਚ ਉੱਚ ਸਿੱਖਿਆ ਨੂੰ ਦੇਣਾ ਚਾਹੁੰਦੀ ਹੈ। ਡਾ.ਮੋਨਿਕਾ ਨੇ ਕਿਹਾ ਕਿ ਸਤੰਬਰ 2022 ਤੋਂ ਲਾਗੂ 7ਵਾਂ ਪੇ-ਕਮਿਸ਼ਨ ਸਾਰੇ ਕਾਲਜਾਂ ਵਿਚ ਲਾਗੂ ਨਹੀਂ ਹੋ ਸਕਿਆ ਇਸਦਾ ਜ਼ੁੰਮੇਵਾਰ ਕੌਣ ਹੈ ਆਦਿ ਮੁੱਦਿਆਂ ਦੇ ਵਿਰੋਧ ਵਿਚ ਪੀਸੀਸੀਟੀਯੂ ਵੱਲੋਂ 29 ਅਗਸਤ ਤੱਕ ਸਾਰੇ ਕਾਲਜਾਂ ਵਿਚ 2 ਘੰਟੇ ਧਰਨਾ ਦਿੱਤੇ ਜਾਵੇਗਾ। ਇਸ ਤੋਂ ਇਲਾਵਾ 2 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਕੈਂਡਲ ਮਾਰਚ ਅਤੇ 5 ਸਤੰਬਰ ਨੂੰ ਮੁਹਾਲੀ ਵਿਖੇ ਸਟੇਟ ਪੱਧਰੀ ਧਰਨਾ ਦੌਰਾਨ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇਗਾ।