ਬਟਾਲਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਪ੍ਰੋਫੈਸਰ ਗਡਵਾਸੂ ਵੱਲੋਂ ਮੁਅੱਤਲ
ਬਟਾਲਾ ਪੁਲੀਸ ਨੇ ਸੀਨੀਅਰ ਪੁਲੀਸ ਅਧਿਕਾਰੀ ਅਤੇ ਪੀਏਯੂ ਦੇ ਪ੍ਰੋਫ਼ੈਸਰ ਦੀਆਂ ਪਤਨੀਆਂ ਦੇ ਚਰਿੱਤਰ ਬਾਰੇ ਗਲਤ ਸ਼ਬਦਾਵਲੀ ਵਾਲੀ ਈ-ਮੇਲ ਭੇਜਣ ਦੇ ਮਾਮਲੇ ਵਿੱਚ ਗਡਵਾਸੂ ਦੇ ਪ੍ਰੋਫੈਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸ਼ਿਕਾਇਤ ਬਟਾਲਾ ਦੇ ਸਾਈਬਰ ਸੈੱਲ ਤੱਕ ਪਹੁੰਚੀ ਅਤੇ ਜਾਂਚ ਤੋਂ ਬਾਅਦ ਗਡਵਾਸੂ ਵਿੱਚ ਤਾਇਨਾਤ ਪ੍ਰੋਫੈ਼ਸਰ ਡਾ. ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂ ਬਟਾਲਾ ਪੁਲੀਸ ਵੱਲੋਂ ਪ੍ਰੋਫੈਸਰ ਦੀ ਗ੍ਰਿਫ਼ਤਾਰੀ ਦੀ ਸੂਚਨਾ ਗਡਵਾਸੂ ਦੇ ਅਧਿਕਾਰੀਆਂ ਤੱਕ ਪਹੁੰਚੀ ਤਾਂ ਉਨ੍ਹਾਂ ਨਿਯਮਾਂ ਅਨੁਸਾਰ ਤੁਰੰਤ ਪ੍ਰਭਾਵ ਨਾਲ ਉਸ ਨੂੰ ਮੁਅੱਤਲ ਕਰ ਦਿੱਤਾ। ਬਟਾਲਾ ਪੁਲੀਸ ਪ੍ਰੋਫੈਸਰ ਡਾ. ਨਵਦੀਪ ਸਿੰਘ ਤੋਂ ਪੁੱਛ-ਪੜਤਾਲ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ ਦੇ ਸਾਈਬਰ ਸੈੱਲ ਵਿੱਚ ਵੈਟਰਨਰੀ ਸਰਜਰੀ ਤੇ ਰੇਡੀਓਲੌਜੀ ਵਿਭਾਗ ਦੇ ਸਾਬਕਾ ਮੁਖੀ ਤੇ ਪ੍ਰੋਫੈਸਰ ਡਾ. ਨਵਦੀਪ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪਤਾ ਲੱਗਾ ਹੈ ਕਿ ਡਾ. ਨਵਦੀਪ ਸਿੰਘ ਨੇ ਬਟਾਲਾ ਵਿੱਚ ਤਾਇਨਾਤ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਦੀ ਪਤਨੀ ਵਿਰੁੱਧ ਈ-ਮੇਲ ਭੇਜੀ ਜਿਸ ਵਿੱਚ ਉਨ੍ਹਾਂ ਬਾਰੇ ਇਤਰਾਜ਼ਯੋਗ ਬਿਆਨਬਾਜ਼ੀ ਕੀਤੀ ਸੀ। ਇਸ ਦੇ ਨਾਲ ਹੀ ਪ੍ਰੋਫੈਸਰ ਨੇ ਪੀਏਯੂ ਦੇ ਪ੍ਰੋਫੈਸਰ ਦੀ ਪਤਨੀ ਨੂੰ ਵੀ ਇੱਕ ਈ-ਮੇਲ ਭੇਜੀ ਸੀ, ਜਿਸ ਤੋਂ ਬਾਅਦ ਬਟਾਲਾ ਪੁਲੀਸ ਨੇ ਜਾਂਚ ਮਗਰੋਂ ਅੱਜ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਗਡਵਾਸੂ ਦੇ ਰਜਿਸਟਰਾਰ ਡਾ. ਐੱਸਕੇ ਸ਼ਰਮਾ ਨੇ ਕਿਹਾ ਕਿ ਵੈਟਰਨਰੀ ਸਰਜਰੀ ਅਤੇ ਰੇਡੀਓਲੋਜੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ ਡਾ. ਨਵਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਜੇਕਰ ਕੋਈ ਕਰਮਚਾਰੀ ਕਿਸੇ ਅਪਰਾਧ ਲਈ 48 ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ ਪੁਲੀਸ ਹਿਰਾਸਤ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਮੁਅੱਤਲ ਕੀਤਾ ਜਾਂਦਾ ਹੈ।