ਪ੍ਰੋ. ਮੋਹਨ ਸਿੰਘ ਮੇਲਾ: ਹੜ੍ਹਾਂ ਦੇ ਮੱਦੇਨਜ਼ਰ ਨਹੀਂ ਲੱਗੇਗੀ ਸੱਭਿਆਚਾਰਕ ਸਟੇਜ
ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਅਹਿਮ ਮੀਟਿੰਗ ’ਚ ਫ਼ੈਸਲਾ
ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਅਹਿਮ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਕਰਕੇ ਇਸ ਵਾਰ ਪ੍ਰੋ. ਮੋਹਨ ਸਿੰਘ ਮੇਲੇ ਦੌਰਾਨ ਸੱਭਿਆਚਾਰਕ ਸਟੇਜ ਨਹੀਂ ਲਾਈ ਜਾਵੇਗੀ। ਇਹ ਮੇਲਾ 18 ਅਕਤੂਬਰ ਨੂੰ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿੱਚ ਕਰਵਾਇਆ ਜਾਵੇਗਾ। ਮੇਲੇ ਦੀ ਸ਼ੁਰੂਆਤ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਭੇਟ ਕਰਨ ਤੋਂ ਬਾਅਦ ਕਵੀ ਦਰਬਾਰ ਅਤੇ ਗੋਸ਼ਟੀ ਨਾਲ ਹੋਵੇਗੀ। ਸਵ. ਜਗਦੇਵ ਸਿੰਘ ਜੱਸੋਵਾਲ ਦੇ ਗੁਰਦੇਵ ਨਗਰ ਵਿੱਚ ਸਥਿਤ ਘਰ ਵਿੱਚ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਅਤੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਦੱਸਿਆ ਕਿ ਸੂਬੇ ਅੰਦਰ ਆਏ ਹੜ੍ਹਾਂ ਕਾਰਨ ਵੱਡੀ ਗਿਣਤੀ ’ਚ ਨੁਕਸਾਨ ਹੋਇਆ ਹੈ। ਇਸ ਕਰਕੇ ਮੇਲੇ ਦੌਰਾਨ ਸਭਿਆਚਾਰਕ ਸਟੇਜ ਨਹੀਂ ਲਗਾਈ ਜਾਵੇਗੀ ਅਤੇ ਸਿਰਫ ਕਵੀ ਦਰਬਾਰ ਤੇ ਗੋਸ਼ਟੀ ਤੋਂ ਬਾਅਦ ਮੇਲੇ ਦੀ ਸਮਾਪਤੀ ਕੀਤੀ ਜਾਵੇਗੀ। ਮੀਟਿੰਗ ਦੌਰਾਨ ਪ੍ਰਗਟ ਸਿੰਘ ਗਰੇਵਾਲ, ਕ੍ਰਿਸ਼ਨ ਕੁਮਾਰ ਬਾਵਾ, ਅਮਰਿੰਦਰ ਸਿੰਘ ਜੱਸੋਵਾਲ, ਡਾ. ਜਗਤਾਰ ਧੀਮਾਨ, ਵਰਿੰਦਰ ਸਿੰਘ, ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ 20 ਅਕਤੂਬਰ ਨੂੰ ਦੀਵਾਲੀ ਹੋਣ ਕਰਕੇ ਇਸ ਵਾਰ 18 ਅਕਤੂਬਰ ਨੂੰ ਮੇਲਾ ਹੋਵੇਗਾ। ਇਸ ਤੋਂ ਇਲਾਵਾ, ਫਾਊਂਡੇਸ਼ਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ।