ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਵੇਂ 16 ਸਤੰਬਰ ਤੋਂ ਝੋਨੇ ਦੀ ਨਵੀਂ ਫਸਲ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਏਸ਼ੀਆ ਦੀ ਵੱਡੀ ਮੰਡੀ ਖੰਨਾ ਵਿਖੇ ਨਵੇਂ ਝੋਨੇ ਦਾ ਇਕ ਵੀ ਦਾਣਾ ਨਹੀਂ ਪੁੱਜਿਆ। ਦੂਜੇ ਪਾਸੇ ਬਾਸਮਤੀ ਝੋਨਾ ਕਈ ਦਿਨਾਂ ਤੋਂ ਖੰਨਾ ਅਤੇ ਹੋਰ ਮੰਡੀਆਂ ਵਿਚ ਪੁੱਜ ਰਿਹਾ ਹੈ ਪਰ ਇਸ ਦੀ ਸਰਕਾਰੀ ਤੌਰ ’ਤੇ ਕੋਈ ਖਰੀਦ ਨਹੀਂ ਹੁੰਦੀ ਕਿਉਂਕਿ ਪ੍ਰਾਈਵੇਟ ਅਦਾਰੇ ਹੀ ਬਾਸਮਤੀ ਝੋਨੇ ਦੇ ਖਰੀਦਦਾਰ ਹਨ। ਪਿਛਲੇ ਦਿਨਾਂ ਵਿਚ ਪਏ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਜਿੱਥੇ ਵੱਡੀ ਮਾਤਰਾ ਵਿਚ ਫਸਲ ਤਬਾਹ ਹੋਈ ਹੈ ਉੱਥੇ ਹੀ ਇਸ ਵਾਰ ਜਿਹੜੀ ਵੀ ਨਵੀਂ ਫਸਲ ਮੰਡੀਆਂ ਵਿਚ ਆਵੇਗੀ ਉਸ ਵਿਚ ਨਮੀ ਦਾ ਮੁੱਦਾ ਭਾਰੀ ਰਹੇਗਾ। ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਵਰ੍ਹੇ ਖੰਨਾ ਮੰਡੀ ਵਿਚ 19.30 ਲੱਖ ਕੁਇੰਟਲ ਝੋਨਾ ਪੁੱਜਿਆ ਸੀ ਪਰ ਇਸ ਵਾਰ ਪਿਛਲਾ ਟੀਚਾ ਪੂਰਾ ਕਰਨਾ ਮੁਸ਼ਕਿਲ ਜਾਪ ਰਿਹਾ ਹੈ ਕਿਉਂਕਿ ਮੌਸਮ ਦੀ ਖਰਾਬੀ ਕਾਰਨ ਇਸ ਵਾਰ ਝਾੜ ਘੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦਾ ਸਰਕਾਰੀ ਭਾਅ 2389 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਗਿਆ ਹੈ। ਇਸ ਦੌਰਾਨ ਅੱਜ ਮਾਰਕੀਟ ਕਮੇਟੀ ਦਫ਼ਤਰ ਵਿਖੇ ਐਸਡੀਐਮ ਡਾ. ਬਲਜਿੰਦਰ ਸਿੰਘ ਦੀ ਅਗਵਾਈੇ ਹੇਠ ਆੜ੍ਹਤੀਆਂ ਅਤੇ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਨਮੀ ਦੀ ਮਾਤਰਾ 17 ਫੀਸਦੀ ਨਿਰਧਾਰਿਤ ਕੀਤੀ ਗਈ ਹੈ ਇਸ ਲਈ ਫਸਲ ਦੀ ਨਾਲੋਂ ਨਾਲ ਖਰੀਦ ਲਈ ਕਿਸਾਨ ਮੰਡੀਆਂ ਵਿਚ ਸੁੱਕਾ ਝੋਨਾ ਲੈ ਕੇ ਆਉਣ। ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਅਤੇ ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਕਿਹਾ ਕਿ ਝੋਨੇ ਦੀ ਖਰੀਦ ਦੌਰਾਨ ਕਿਸੇ ਵੀ ਕਿਸਾਨ ਨੂੰ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਮੰਡੀ ਵਿਚ ਪੀਣ ਵਾਲੇ ਪਾਣੀ, ਬਿਜਲੀ ਅਤੇ ਸਫ਼ਾਈ ਦੇ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
+
Advertisement
Advertisement
Advertisement
Advertisement
×