ਪ੍ਰਾਈਵੇਟ ਤੇ ਪਨਬੱਸ ਸੇਵਾਵਾਂ ਪੂਰਾ ਦਿਨ ਰਹੀਆਂ ਬੰਦ
ਟ੍ਰਿਬਿਊਨ ਨਿਊਝ ਸਰਵਿਸ
ਲੁਧਿਆਣਾ, 21 ਜੂਨ
ਸ਼ਹਿਰ ’ਚ ਸ਼ਨਿੱਚਰਵਾਰ ਨੂੰ ਪੰਜਾਬ ਰੋਡਵੇਜ਼ ਤੇ ਪਨਬੱਸ ਦੀਆਂ ਸੇਵਾਵਾਂ ਪੂਰਾ ਦਿਨ ਬੰਦ ਰਹੀਆਂ ਜਿਸ ਕਰਕੇ ਸੈਂਕੜੇ ਯਾਤਰੀਆਂ ਨੂੰ ਅੱਜ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਹਾਲਾਂਕਿ, ਇਸ ਸੇਵਾਵਾਂ ਦੇ ਬੰਦ ਹੋਣ ਪਿੱਛੇ ਕਾਰਨ ਪ੍ਰਾਈਵੇਟ ਤੇ ਸਰਕਾਰੀ ਬੱਸ ਦੇ ਕੰਡਕਟਰ ਵਿੱਚ ਹੋਈ ਕੁੱਟਮਾਰ ਹੈ। ਇਹ ਝਗੜਾ ਸ਼ੁੱਕਰਵਾਰ ਰਾਤ ਉਸ ਵੇਲੇ ਸ਼ੁਰੂ ਹੋਇਆ ਜਦੋਂ ਫਿਰੋਜ਼ਪੁਰ ਤੋਂ ਜਾਣ ਵਾਲੇ ਇੱਕ ਯਾਤਰੀ ਪੰਜਾਬ ਰੋਡਵੇਜ਼ ਦੀ ਬੱਸ ਚੜ੍ਹੀ। ਜੋ ਕਿ ਲੁਧਿਆਣਾ ਬੱਸ ਅੱਡੇ ’ਤੇ ਉਤਰੀ ਤੇ ਉਸ ਨੇ ਬਰੇਲੀ ਜਾਣ ਲਈ ਪੁੱਛਿਆ ਕਿ ਉਹ ਕਿਵੇਂ ਜਾਵੇ, ਸਰਕਾਰੀ ਬੱਸ ਦੇ ਕੰਡਕਟਰ ਨੇ ਉਸ ਨੂੰ ਰੇਲ ਰਾਹੀਂ ਜਾਣ ਲਈ ਕਿਹਾ। ਜਿਸ ਤੋਂ ਬਾਅਦ ਉਥੇ ਮੌਜੂਦ ਪ੍ਰਾਈਵੇਟ ਬੱਸ ਦੇ ਕੰਡਕਟਰ ਦੇ ਨਾਲ ਬਹਿਸਬਾਜੀ ਸ਼ੁਰੂ ਹੋ ਗਈ। ਮਾਮਲਾ ਦੇਖਦੇ ਹੀ ਦੇਖਦੇ ਹੱਥੋਪਾਈ ਤੱਕ ਪੁੱਜ ਗਿਆ।
ਇਸ ਘਟਨਾ ਦੇ ਵਿਰੋਧ ’ਚ ਅੱਜ ਪਨ ਬੱਸ ਅਤੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ। ਅੱਜ ਸਵੇਰੇ ਤੱਕ ਕੋਈ ਕਾਰਵਾਈ ਨਾ ਹੋਣ ਤੇ ਉਨ੍ਹਾਂ ਨੇ ਬੱਸ ਸੇਵਾਵਾਂ ਨੂੰ ਰੋਕ ਦਿੱਤਾ। ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ।
ਇਸ ਦੌਰਾਨ ਰਾਜਪੁਰ ਤੋਂ ਆਏ ਯਾਤਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਬੱਸ ਉਡੀਕਦਾ ਰਿਹਾ ਪਰ ਬੱਸ ਨਹੀਂ ਮਿਲੀ। ਉਨ੍ਹਾਂ ਨੂੰ ਮਜਬੂਰ ਵਿੱਚ ਦੂਜੇ ਸਾਧਨ ਰਾਹੀਂ ਰਾਜਪੁਰਾ ਜਾਣਾ ਪਇਆ। ਲੁਧਿਆਣਾ ਵਿਚ ਇਲਾਜ ਲਈ ਆਉਣ ਵਾਲੀ 52 ਸਾਲਾ ਮੀਨਾ ਦੇਵੀ ਨੇ ਦੱਸਿਆ ਕਿ ਤੱਪਦੀ ਗਰਮੀ ਵਿਚੱ ਵੀ ਉਸ ਨੂੰ ਬੱਸ ਲਈ ਕਾਫੀ ਸਮਾਂ ਉਡੀਕ ਕਰਨੀ ਪਈ। ਪਰ ਬੱਸ ਨਾ ਮਿਲੀ ਤਾਂ ਉਨ੍ਹਾਂ ਟੈਕਸੀ ਰਾਹੀਂ ਵਾਪਸ ਜਾਣਾ ਪਿਆ।