‘ਦਾਸਤਾਨ-ਏ-ਪੰਜਾਬ’ ਤਹਿਤ ਅਣਵੰਡੇ ਪੰਜਾਬ ਦੇ ਲੋਕ-ਨਾਚ ਤੇ ਰਸਮਾਂ ਦੀ ਪੇਸ਼ਕਾਰੀ
ਮਹਾਪ੍ਰੱਗਿਆ ਸਕੂਲ ਵਿੱਚ ਪ੍ਰੋਗਰਾਮ ਉਮੰਗ-2025 ਸਮਾਗਮ
ਇਥੇ ਰਾਏਕੋਟ ਰੋਡ ਸਥਿਤ ਇਲਾਕੇ ਦੀ ਉਘੀ ਵਿਦਿਅਕ ਸੰਸਥਾ ਮਹਾਪ੍ਰੱਗਿਆ ਸਕੂਲ ਵਿੱਚ ਉਮੰਗ 2025 ਸਮਾਗਮ ਕਰਵਾਇਆ ਗਿਆ। ਇਸ ਵਿੱਚ ਅਣਵੰਡੇ ਪੰਜਾਬ ਦੇ ਲੋਕ ਨਾਚ, ਰਸਮਾਂ ਤੇ ਰੀਤੀ ਰਿਵਾਜ਼ਾਂ ਦੇ ਪ੍ਰਦਰਸ਼ਨ ਨੇ ਪੁਰਾਣਾ ਸਮਾਂ ਰੂਪਮਾਨ ਕਰ ਦਿੱਤਾ ਜਿਸ ਕਰਕੇ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਵਿਸ਼ਾਲ ਜੈਨ ਦੁਆਰਾ ਪਵਿੱਤਰ ਜੋਤ ਜਗਾਉਣ ਨਾਲ ਹੋਈ ਅਤੇ ਐਨਸੀਸੀ ਕੈਡਿਟਾਂ ਨੇ ਮੁੱਖ ਮਹਿਮਾਨਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਸਲਾਮੀ ਦਿੱਤੀ। ਏਡੀਸੀ ਕੁਲਪ੍ਰੀਤ ਸਿੰਘ, ਸੁਰਿੰਦਰ ਮਿੱਤਲ, ਵਿਨੈਪਾਲ ਜੈਨ, ਜਨਕ ਰਾਜ ਜੈਨ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਮੌਕੇ ਊਸ਼ਾ ਜੈਨ, ਸੰਜੋਲੀ ਜੈਨ, ਰਾਧਾ ਜੈਨ ਅਤੇ ਪ੍ਰਿੰ. ਪ੍ਰਭਜੀਤ ਕੌਰ ਵਰਮਾ ਦੀ ਹਾਜ਼ਰੀ ਵਿੱਚ ਕੋਆਰਡੀਨੇਟਰ ਸੁਰਿੰਦਰ ਕੌਰ ਨੇ ਸਾਰਿਆਂ ਦਾ ਸਵਾਗਤ ਕੀਤਾ। ਤੀਜੀ ਤੋਂ ਲੈ ਕੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ, ਜੰਗ ਅਤੇ ਜਿੰਦੂਆ ਪੇਸ਼ ਕੀਤੇ। ਤੀਜੀ ਅਤੇ ਪੰਜਵੀਂ ਜਮਾਤ ਦੇ ਕਲਾਕਾਰਾਂ ਨੇ ਸੁੰਦਰ ਹਰਕਤਾਂ ਨਾਲ ਹਿਮਾਚਲੀ ਨਾਚ ਨਾਟੀ ਪੇਸ਼ ਕੀਤਾ। ਪੰਜਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਲੰਮੀ ਹੇਕ ਅਤੇ ਪੰਜਾਬੀ ਲੋਕ ਨਾਚ ਧਮਾਲ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਕੀਲਿਆ। ਬਾਲ ਕਲਾਕਾਰਾਂ ਨੇ ਕੋਰੀਓਗ੍ਰਾਫੀ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਨੇ ਸਾਲਾਨਾ ਰਿਪੋਰਟ ਰਾਹੀਂ ਸਕੂਲ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਛੇਵੀਂ ਤੇ ਸੱਤਵੀਂ ਜਮਾਤ ਦੀਆਂ ਕੁੜੀਆਂ ਨੇ ਹਰਿਆਣਵੀ ਨਾਚ ਖੋਰੀਆ ਪੇਸ਼ ਕੀਤਾ। ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਸ਼ਹੂਰ ਪੰਜਾਬੀ ਲੋਕ ਨਾਚ ਝੂਮਰ ਅਤੇ ਗਿੱਧਾ ਪੇਸ਼ ਕੀਤਾ। ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਲਵਈ ਗਿੱਧਾ, ਸੰਮੀ ਅਤੇ ਘੋੜੀਆਂ ਗਾ ਕੇ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਜਿਉਂਦਾ ਕੀਤਾ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਢੋਲ ਦੀ ਤਾਲ 'ਤੇ ਲੁੱਡੀ ਪੇਸ਼ ਕੀਤੀ। ਰੰਗ-ਬਿਰੰਗੇ ਪਹਿਰਾਵੇ ਵਿੱਚ ਸਜੇ ਬੱਚਿਆਂ ਨੇ ਆਪਣੇ ਮਨਮੋਹਕ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਮੁੱਖ ਮਹਿਮਾਨਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਅਕਾਦਮਿਕ ਉੱਤਮਤਾ ਲਈ ਪੁਰਸਕਾਰ ਭੇਟ ਕੀਤੇ। ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਜ਼ਿੰਦਗੀ ਵਿੱਚ ਸਫ਼ਲਤਾ ਸਮਰਪਣ ਅਤੇ ਲਗਨ ਨਾਲ ਪ੍ਰਾਪਤ ਹੁੰਦੀ ਹੈ। ਪੰਜਵੀਂ ਜਮਾਤ ਦੇ ਬਾਲ ਕਲਾਕਾਰਾਂ ਨੇ ਕਵੀਸ਼ਰੀ ਗਾਈ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਭੰਗੜਾ ਪੇਸ਼ ਕੀਤਾ। ਡਾਇਰੈਕਟਰ ਵਿਸ਼ਾਲ ਜੈਨ ਪਟਨੀ ਨੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।