ਰਾਏਕੋਟ ’ਚ ਉਸਾਰੀ ਕਾਮਿਆਂ ਦੇ ਸੂਬਾਈ ਸੰਮੇਲਨ ਲਈ ਤਿਆਰੀਆਂ ਜਾਰੀ
ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਪੰਜਾਬ ਵੱਲੋਂ 22 ਅਕਤੂਬਰ ਨੂੰ ਰਾਏਕੋਟ ਵਿੱਚ ਕਰਵਾਏ ਜਾਣ ਵਾਲੇ ਸੂਬਾਈ ਸੰਮੇਲਨ ਲਈ ਪਿੰਡਾਂ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਲਾਗਲੇ ਪਿੰਡ ਰਾਜੋਆਣਾ ਖ਼ੁਰਦ ਵਿੱਚ ਰਾਜਜਸਵੰਤ ਸਿੰਘ ਤਲਵੰਡੀ ਅਤੇ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂਆਂ ਨੇ ਰਾਜਨੀਤਿਕ ਪਾਰਟੀਆਂ ਨੂੰ ਦੂਸ਼ਣਬਾਜ਼ੀ ਛੱਡ ਕੇ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਅਤੇ ਹਿਮਾਚਲ ਦੇ ਪੀੜਤ ਲੋਕਾਂ ਦੀ ਮਦਦ ਲਈ ਸੱਦਾ ਦਿੱਤਾ ਹੈ।
ਸੀਟੂ ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਲੋਕ ਪੱਖੀ ਸਕੀਮਾਂ ਦਾ ਭੋਗ ਪਾ ਕੇ ਮਜ਼ਦੂਰਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਦੇ ਨਾਂ ਹੇਠ ਪੰਜਾਬ ਦੇ ਲੱਖਾਂ ਮਜ਼ਦੂਰਾਂ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਹਨ ਜਦਕਿ ਰਸੂਖ਼ ਵਾਲੇ ਲੋਕਾਂ ਦੇ ਰਾਸ਼ਨ ਕਾਰਡ ਪਹਿਲਾਂ ਵਾਂਗ ਜਾਰੀ ਹਨ। ਉਨ੍ਹਾਂ ਵਧ ਰਹੀ ਮਹਿੰਗਾਈ ਅਤੇ ਸੁੰਗੜਦੇ ਰੁਜ਼ਗਾਰ ਕਾਰਨ ਮਜ਼ਦੂਰ ਵਰਗ ਨੂੰ ਰਾਸ਼ਨ ਤੋਂ ਵੀ ਵਾਂਝੇ ਕਰਨ ਦੀ ਨਿੰਦਾ ਕੀਤੀ ਹੈ। ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਮਨਰੇਗਾ ਕਾਮਿਆਂ ਨੂੰ ਕਈ ਮਹੀਨਿਆਂ ਤੋਂ ਕੰਮ ਨਾ ਮਿਲਣ ਦਾ ਦੋਸ਼ ਲਾਇਆ ਅਤੇ ਬੇਰੁਜ਼ਗਾਰੀ ਭੱਤੇ ਦੀ ਮੰਗ ਕੀਤੀ ਹੈ। ਕਿਸਾਨ ਆਗੂ ਸੁਖਚੈਨ ਸਿੰਘ, ਪ੍ਰਿਤਪਾਲ ਸਿੰਘ ਬਿੱਟਾ, ਰਾਣਾ ਸਿੰਘ ਭੱਟੀ, ਕਰਮਜੀਤ ਸਿੰਘ ਸਨ੍ਹੀ, ਰੁਲਦਾ ਸਿੰਘ ਗੋਬਿੰਦਗੜ੍ਹ, ਕੁਲਦੀਪ ਸਿੰਘ ਜੌਹਲਾਂ ਅਤੇ ਬਹਾਦਰ ਸਿੰਘ ਨੇ ਵੀ ਮੀਟਿੰਗ ਵਿੱਚ ਭਾਗ ਲਿਆ।