ਕਿਰਨਜੀਤ ਕੌਰ ਮਹਿਲ ਕਲਾਂ ਦੇ ਬਰਸੀ ਸਮਾਗਮ ਦੀਆਂ ਤਿਆਰੀਆਂ
ਸ਼ਹੀਦ ਕਿਰਨਜੀਤ ਕੌਰ ਯਾਦਗਾਰੀ ਕਮੇਟੀ ਵੱਲੋਂ 28ਵੀਂ ਬਰਸੀ ਮੌਕੇ 12 ਅਗਸਤ ਨੂੰ ਮਹਿਲ ਕਲਾਂ ਦੀ ਅਨਾਜ ਮੰਡੀ ਵਿੱਚ ਮਨਾਏ ਜਾਣ ਵਾਲੇ ਬਰਸੀ ਸਮਾਗਮਾਂ ਦੀ ਤਿਆਰੀ ਸਬੰਧੀ ਗੋਬਿੰਦਗੜ੍ਹ ਅਤੇ ਦੱਧਾਹੂਰ ਪਿੰਡਾਂ ਵਿੱਚ ਵਰ੍ਹਦੇ ਮੀਂਹ ਦੌਰਾਨ ਘਰ-ਘਰ ਜਾ ਕੇ ‘ਮਹਿਲ ਕਲਾਂ ਐਲਾਨਨਾਮਾ’ ਵੰਡਿਆ ਅਤੇ ਬਰਸੀ ਸਮਾਗਮਾਂ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ। ਸ਼ਹੀਦ ਊਧਮ ਸਿੰਘ ਸੁਨਾਮ ਦੇ 85ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਹਿੰਮ ਦੀ ਸ਼ੁਰੂਆਤ ਯਾਦਗਾਰ ਕਮੇਟੀ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਵਿੱਚ ਕੀਤੀ ਗਈ। ਡਾਕਟਰ ਰਜਿੰਦਰ ਪਾਲ, ਸੁਖਵਿੰਦਰ ਠੀਕਰੀਵਾਲਾ, ਜਸਪਾਲ ਚੀਮਾ, ਹਰਪ੍ਰੀਤ ਸਿੰਘ, ਅਜਮੇਰ ਸਿੰਘ ਕਾਲਸਾਂ, ਮੁਨੀਸ਼ ਕੁਮਾਰ, ਸਹਿਜਪ੍ਰੀਤ ਕੌਰ, ਅਮਿਤਾ ਅਤੇ ਤਾਨੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਆਜ਼ਾਦੀ ਨੂੰ ਇਨਕਲਾਬ ਦੀ ਬੁਨਿਆਦ ਆਖਦਿਆਂ ਗ਼ੁਲਾਮੀ ਦੇ ਵਿਰੁੱਧ ਇਨਕਲਾਬ ਨੂੰ ਮਨੁੱਖ ਦਾ ਧਰਮ ਕਿਹਾ ਸੀ।
ਵੱਖ-ਵੱਖ ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਵੱਲੋਂ ਕਿਆਸੀ ਆਜ਼ਾਦੀ ਨੂੰ ਹਾਲੇ ਦੂਰ ਦੀ ਕੌਡੀ ਦੱਸਿਆ। ਉਨ੍ਹਾਂ ਔਰਤਾਂ ਖ਼ਿਲਾਫ਼ ਜ਼ਬਰ, ਆਰਥਿਕ ਨਾ ਬਰਾਬਰੀ, ਬੇਰੁਜ਼ਗਾਰੀ, ਮਹਿੰਗਾਈ, ਵਾਤਾਵਰਣ ਵਿਗਾੜ, ਨਸ਼ੇ, ਹਕੂਮਤੀ ਜ਼ਬਰ, ਕੁਦਰਤੀ ਮਾਲ ਖ਼ਜ਼ਾਨਿਆਂ ਨੂੰ ਕੌਡੀਆਂ ਦੇ ਭਾਅ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ, ਸੂਬਾ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਰਾਹੀਂ ਕਿਸਾਨਾਂ ਅਤੇ ਪੇਂਡੂ ਸੱਭਿਆਚਾਰ ਨੂੰ ਉਜਾੜਨ ਦੀ ਤਿਆਰੀ ਵਿੱਢ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਔਰਤ ਮੁਕਤੀ ਦਾ ਚਿੰਨ੍ਹ ਬਣ ਗਈ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਬਰਸੀ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।