ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਜੂਨ
ਵਰਲਡ ਗੁੱਡੀ ਦਿਵਸ ਤੇ ਲੋਕ ਕਲਾਵਾਂ ਦੇ ਮਾਹਰ ਡਾ. ਦਵਿੰਦਰ ਕੌਰ ਢੱਟ ਵਲੋਂ ਪੰਜਾਬੀ ਮੁਟਿਆਰਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਪਹਿਲੀ ਵਾਰ ਆਨਲਾਈਨ ਹੱਥੀਂ ਗੁੱਡੀਆਂ ਪਟੋਲੇ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਗੁੱਡੀਆਂ ਪਟੋਲਿਆਂ ਦਾ ਇਹ ਵਿਲੱਖਣ ਮੁਕਾਬਲਾ ਪਿਛਲੇ 35 ਸਾਲ ਤੋਂ ਮਿਸ ਵਰਲਡ ਪੰਜਾਬਣ ਕਰਵਾਉਣ ਵਾਲੀ ਸੰਸਥਾ ਸੱਭਿਆਚਾਰਕ ਸੱਥ ਪੰਜਾਬ ਦੇ ਬੈਨਰ ਹੇਠ ਇਸ ਸੰਸਥਾ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਦੀ ਅਗਵਾਈ ਵਿਚ ਕਰਵਾਇਆ ਗਿਆ ਹੈ। ਮੁਕਾਬਲੇ ਵਿਚ ਦੇਸ਼ ਵਿਦੇਸ਼ ਤੋਂ ਸੈਂਕੜੇ ਮੁਟਿਆਰਾਂ ਨੇ ਹਿੱਸਾ ਲਿਆ। ਡਾ. ਦਵਿੰਦਰ ਕੌਰ ਢੱਟ ਨੇ ਦੱਸਿਆ ਕੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈਨ ਚਮਕੌਰ ਸਾਹਿਬ ਦੀ ਫੈਸ਼ਨ ਡਿਜ਼ਾਈਨਿੰਗ ਦੀ 22 ਸਾਲ ਵਿਦਿਆਰਥਣ ਪ੍ਰੀਤੀ ਕੌਰ ਨੇ ਆਪਣੇ ਹੱਥੀਂ ਖੂਬਸੂਰਤ ਗੁੱਡੀ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਸਰੇ ਸਥਾਨ ’ਤੇ ਨਿਊਜ਼ੀਲੈਂਡ ਦੇ ਔਕਲੈਂਡ ਦੀ ਰਹਿਣ ਵਾਲੀ 36 ਸਾਲਾ ਪੰਜਾਬਣ ਅਰਸ਼ਦੀਪ ਕੌਰ ਵਲੋਂ ਬਣਾਈ ਗੁੱਡੀ ਰਹੀ ਹੈ।
ਜੇਤੂਆਂ ਨੂੰ ਕ੍ਰਮਵਾਰ 3100 ਤੇ 1100 ਰੁਪਏ ਦਾ ਨਕਦ ਇਨਾਮ ਤੇ ਸਰਟੀਫਿਕੇਟ ਦਿੱਤਾ ਜਾਵੇਗਾ। ਫਾਜ਼ਿਲਕਾ ਦੀ ਗਗਨਦੀਪ ਕੌਰ ਦੀ ਗੁੱਡੀ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਜਾਵੇਗਾ। ਉੱਘੇ ਰੰਗਕਰਮੀ ਪ੍ਰੋ. ਨਿਰਮਲ ਜੌੜਾ ਤੇ ਪੰਜਾਬੀ ਵਿਰਾਸਤ ਅਕਾਦਮੀ ਦੇ ਪ੍ਰਧਾਨ ਗੁਰਭਜਨ ਗਿੱਲ ਅਲੋਪ ਹੋ ਰਹੇ ਵਿਰਸੇ ਨੂੰ ਸਾਂਭਣ ਹਿੱਤ ਢੱਟ ਜੋੜੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।