ਗੁਰੂ ਰਾਮਦਾਸ ਦੇ ਆਗਮਨ ਪੁਰਬ ਸਬੰਧੀ ਗੁਰਦੁਆਰਾ ਗੁਰੂ ਸਿੰਘ ਸਭਾ ਹਰਨਾਮ ਨਗਰ ਵੱਲੋਂ ਪ੍ਰਭਾਤ ਫੇਰੀ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਨਗਰ ਕੀਰਤਨ ਵਿੱਚ ਬੈਂਡ ਬਾਜੇ, ਸ਼ਬਦੀ ਜੱਥੇ ਅਤੇ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਤੋਂ ਇਲਾਵਾ ਸੰਗਤ ਹਾਜ਼ਰ ਸੀ। ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਫੁੱਲਾਂ ਨਾਲ ਸਦੀ ਪਾਲਕੀ ਵਿੱਚ ਸੁਸ਼ੋਭਿਤ ਸੀ ਜਿਸ ਪਿੱਛੇ ਸੰਗਤ ਵਾਹਿਗੁਰੂ ਦਾ ਜਾਪ ਕਰ ਰਹੀ ਸੀ।
ਅੰਮ੍ਰਿਤ ਵੇਲੇ ਸ਼ੁਰੂ ਹੋਈ ਬਾਰਿਸ਼ ਦੇ ਬਾਵਜ਼ੂਦ ਵੱਡੀ ਗਿਣਤੀ ਵਿੱਚ ਸੰਗਤ ਨੇ ਪ੍ਰਭਾਤ ਫੇਰੀ ਦਾ ਥਾਂ ਥਾਂ ਸਵਾਗਤ ਕੀਤਾ ਜਦਕਿ ਸਾਰੇ ਰੂਟ ਤੇ ਅਨੇਕ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚਲ ਕੇ ਹਰਨਾਮ ਨਗਰ, ਸਕੂਟਰ ਮਾਰਕੀਟ ਮਾਡਲ ਟਾਊਨ, ਪ੍ਰੀਤ ਗਲੀ, ਮਿੰਟਗੁਮਰੀ ਚੌਕ, ਸੈਂਟਰਲ ਪਾਰਕ, ਸ਼ਾਸ਼ਤਰੀ ਨਗਰ, ਨਾਮਦੇਵ ਕਲੋਨੀ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿੱਖੇ ਸਮਾਪਤੀ ਹੋਇਆ। ਮੁੱਖ ਸੇਵਾਦਾਰ ਗੁਰਮੀਤ ਸਿੰਘ ਸਲੂਜਾ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦਾ ਧੰਨਵਾਦ ਕਰਦਿਆਂ ਜੱਥਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਚਰਨ ਸਿੰਘ, ਕੁਲਦੀਪ ਸਿੰਘ ਦੀਪ, ਅਮਰਜੀਤ ਸਿੰਘ ਟੋਨੀ, ਗੁਰਚਰਨ ਸਿੰਘ ਚੰਨੀ ਅਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੇ ਡਾਕਟਰ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।

