ਜਗਰਾਉਂ ’ਚ ਪਾਵਰਕੌਮ ਦੇ 37.68 ਕਰੋੜ ਦੇ ਪ੍ਰਾਜੈਕਟ ਸ਼ੁਰੂ
ਵਿਧਾਇਕਾ ਮਾਣੂੰਕੇ ਤੇ ਐਕਸੀਅਨ ਸਿੱਧੂ ਨੇ ਕੀਤਾ ਉਦਘਾਟਨ; 220 ਗਰਿੱਡ ’ਚ ਬਣੀ ਨਵੀਂ ਇਮਾਰਤ ਤੇ 25 ਨਵੇਂ ਬਰੇਕਰ ਲੋਕ ਅਰਪਣ
ਜਗਰਾਉਂ ਇਲਾਕਾ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਜਗਰਾਉਂ ਡਿਵੀਜ਼ਨ ਅਧੀਨ 37.68 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਪ੍ਰਾਜੈਕਟਾਂ ,220 ਕੇਵੀ ਗਰਿੱਡ ਦੀ ਨਵੀ ਇਮਾਰਤ ਅਤੇ 25 ਬਰੇਕਰਾਂ ਦਾ ਉਦਘਾਟਨ ਪਾਵਰਕਾਮ ਵੱਲੋਂ ਕਰਵਾਏ ਸਮਾਗਮ ਦੌਰਾਨ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਐਕਸੀਅਨ ਇੰਜਨੀਅਰ ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ‘ਬਿਜਲੀ ਕ੍ਰਾਂਤੀ’ ਮੁਹਿੰਮ ਤਹਿਤ ਲੋਕਾਂ ਨੂੰ ਨਿਰਵਿਘਨ ਅਤੇ ਪੂਰੀ ਬਿਜਲੀ ਸਪਲਾਈ ਲਈ ਇਹ ਕਾਰਜ਼ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਆਰੰਭ ਕੀਤਾ ਗਿਆ ਹੈ। ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਵਧਾਈ ਦਿੱਤੀ ਅਤੇ ਦੱਸਿਆ ਕਿ ਵਿਭਾਗ ਦੇ 220 ਕੇਵੀ ਗਰਿੱਡ ਅੰਦਰ ਮਿਆਦ ਪੁਗਾ ਚੁੱਕੇ ਬਰੇਕਰ ਵੀ ਵਿਭਾਗ ਵੱਲੋਂ ਬਦਲੀ ਕਰ ਦਿੱਤੇ ਗਏ ਹਨ। 25 ਬਰੇਕਰਾਂ ਉਪਰ ਕਰੋੜਾਂ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਨਵੇਂ ਬਰੇਕਰ ਲੱਗਣ ਨਾਲ ਲੋਕਾਂ ਨੂੰ ਬਿਨਾ ਵਜ਼ਹ ਲੱਗਦੇ ਕੱਟਾਂ ਤੋਂ ਛੁਟਕਾਰਾ ਮਿਲੇਗਾ। ਪਾਵਰਕਾਮ ਵੱਲੋਂਕੀਤੇ ਜਾ ਰਹੇ ਖਾਸ ਕੰਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕਾ ਨੇ ਦੱਸਿਆ ਕਿ ਪਿੰਡ ਗਿੱਦੜਵਿੰਡੀ ਵਿਖੇ ਸਵਾ ਚਾਰ ਕਰੋੜ ਦੇ ਕਰੀਬ ਰੁਪਏ ਦੀ ਲਾਗਤ ਨਾਲ ਨਵੇਂ 66 ਕੇਵੀ ਗਰਿੱਡ ਦੇ ਨਿਰਮਾਣ ਕਾਰਜ ਵੀ ਸ਼ੁਰੂ ਹੋ ਚੁੱਕੇ ਹਨ ਅਤੇ ਪਿੰਡ ਬਜੁਰਗ ਵਿੱਚ ਨਵੇਂ ਗਰਿੱਡ ਦੀ ਮਨਜ਼ੂਰੀ ਵੀ ਮਿਲ ਗਈ ਹੈ। ਇਸ ਉਪਰ ਖਰਚ ਹੋਣ ਵਾਲੇ 6.89 ਕਰੋੜ ਰੁਪਏ ਜਾਰੀ ਹੋ ਚੁੱਕੇ ਹਨ। ਇਸੇ ਤਰ੍ਹਾਂ ਪਿੰਡ ਭੰਮੀਪੁਰਾ’ਚ ਅਤੇ ਕਾਂਉਕੇ ਕਲਾਂ’ਚ ਬਣਨ ਵਾਲੇ ਨਵੇਂ ਗਰਿੱਡਾਂ ਦੇ ਨਿਰਮਾਣ ਲਈ ਤਜ਼ਵੀਜ ਸੂਬਾ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਐਕਸੀਅਨ ਇੰਜ.ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਇਸ ਮੌਕੇ ਦੱਸਿਆ ਕਿ ਵਿਧਾਇਕਾ ਦੇ ਉੱਦਮ ਸਦਕਾ 37.68 ਕਰੋੜ ਦੇ ਨਵੇਂ ਪ੍ਰਾਜੈਕਟ ਸੂਰੂ ਹੋਏ ਹਨ। ਸ਼ਹਿਰ ਵਿੱਚ ਤਿੰਨ ਨਵੇਂ 11 ਕੇਵੀ ਫੀਡਰਾਂ ਦੀ ਉਸਾਰੀ ਕੀਤੀ ਜਾਵੇਗੀ,100 ਕੇਵੀਏ ਅਤੇ 200ਕੇਵੀਏ ਦੇ 40 ਨਵੇਂ ਟਰਾਂਸਫਾਰਮਰ ਵੱਖ-ਵੱਖ ਜਗ੍ਹਾ ਸਥਾਪਿਤ ਕਰਨ ਦੀ ਯੋਜਨਾ ਹੈ। ਉਨਾਂ ਦੱਸਿਆ ਕਿ ਹਲਕੇ ਦੇ ਹਰ ਪਿੰਡ ਵਿੱਚ ਲੋੜ ਅਨੁਸਾਰ ਇੱਕ ਜਾਂ ਦੋ ਨਵੇਂ ਟਰਾਂਸਫਾਰਮਰ ਲਗਾਏ ਜਾਣਗੇ। ਡੀਵਜ਼ਨ’ਚ 37 ਕਿਲੋ ਮੀਟਰ ਨਵੀਆਂ ਲਾਈਨਾਂ ਦੀ ਉਸਾਰੀ ਕੀਤੀ ਜਾਵੇਗੀ। ਉਦਘਾਟਨੀ ਸਮਾਗਮ’ਚ ਐਸ.ਡੀ.ਓ ਇੰਜ.ਗੁਰਪ੍ਰੀਤ ਕੰਗ,ਐਸ.ਡੀ.ਓ ਗੁਰਪ੍ਰੀਤ ਸਿੰਘ ਮੱਲੀ,ਐਸ.ਡੀ.ਓ ਹਰਮਨਦੀਪ ਸਿੰਘ ਸਿੱਧਵਾਂ ਖੁਰਦ,ਐਸ.ਐਚ.ਓ ਸੁਰਜੀਤ ਸਿੰਘ,ਜੇ.ਈ ਮਨਜੀਤ ਸਿੰਘ,ਜੇ.ਈ ਮੁਨੀਸ਼ ਕੁਮਾਰ,ਜੇ.ਈ ਮਨਪ੍ਰੀਤ ਸਿੰਘ,ਜੇ.ਈ ਹਰਵਿੰਦਰ ਸਿੰਘ.ਜੇ.ਈ ਅੰਮ੍ਰਿਤਪਾਲ ਸਿੰਘ ਅਤੇ ਵਿਭਾਗ ਦਾ ਅਮਲਾ ਹਾਜ਼ਰ ਸੀ।