ਪਾਵਰਕੌਮ ਪੈਨਸ਼ਨਰਾਂ ਵੱਲੋਂ ਸੂਬਾ ਪੱਧਰੀ ਧਰਨੇ ਨੂੰ ਸਮਰਥਨ ਦੇਣ ਦਾ ਫ਼ੈਸਲਾ
ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ
ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਸਕਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੇਨ ਚੌਕ ਗੁਰਦੁਆਰਾ ਸਾਹਿਬ ਵਿੱਚ ਹੋਈ ਜਿਸ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮਸਲਿਆਂ ਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ 30 ਸਤੰਬਰ ਦੇ ਰੋਪੜ ਧਰਨੇ ਦੀ ਪੜਚੌਲ ਵੀ ਕੀਤੀ ਗਈ। ਇਸ ਉਪਰੰਤ ਸਕਿੰਦਰ ਸਿੰਘ ਪ੍ਰਧਾਨ ਨੇ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕਾਫੀ ਫੰਡ ਇਕੱਤਰ ਵੀ ਹੋ ਗਿਆ ਹੈ, ਪਰ ਜੋ ਮੈਂਬਰ ਸਾਹਿਬਾਨ ਫੰਡ ਵਿੱਚ ਹਿੱਸਾ ਪਾਉਣ ਤੋਂ ਰਹਿੰਦੇ ਹਨ, ਉਹ ਵੀ 15 ਅਕਤੂਬਰ ਤੱਕ ਸਾਡੇ ਨੁਮਾਇੰਦਿਆਂ ਤੱਕ ਪੁੱਜਦਾ ਕਰ ਦੇਣ ਤਾਂ ਜੋ ਸਰਕਲ ਦੀ ਮੀਟਿੰਗ ਜੋ 16 ਅਕਤੂਬਰ ਦੀ ਹੈ, ਨੂੰ ਜਮ੍ਹਾਂ ਕਰਵਾਇਆ ਜਾ ਸਕੇ। ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਜੁਆਇੰਟ ਫਰੰਟ ਦੀ ਮੀਟਿੰਗ ਵਿੱਤ ਮੰਤਰੀ ਪੰਜਾਬ ਨਾਲ ਹੋਈ, ਜਿਸ ਵਿੱਚ ਪੈਨਸ਼ਨਰਜ਼ ਐਸੋ: ਪੀ. ਐਸ. ਪੀ. ਸੀ. ਐਲ. ਦੇ ਨੁਮਾਇੰਦੇ ਧੰਨਵੰਤ ਸਿੰਘ ਭੱਠਲ ਬਤੌਰ ਕਨਵੀਨਰ ਸ਼ਾਮਲ ਹੋਏ, ਜਿਸ ਬਾਰੇ ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਨੇ ਪੂਰਨ ਭਰੋਸਾ ਦਿੰਦੇ ਹੋਏ ਕਿਹਾ ਕਿ 2.59 ਦਾ ਫਾਰਮੂਲਾ ਅਤੇ ਡੀ. ਏ. ਦੀਆਂ ਬਕਾਇਆ ਰਹਿੰਦੀਆਂ 16 ਪ੍ਰਤੀਸ਼ਤ ਦੀਆਂ ਕਿਸਤਾਂ, ਬਕਾਏ ਅਤੇ ਹੋਰ ਮੰਗਾਂ ਤੇ ਜਲਦੀ ਵਿਚਾਰ ਕਰਕੇ ਲਾਗੂ ਕੀਤਾ ਜਾਵੇਗਾ। ਇਸ ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਇੰਜ: ਪ੍ਰੇਮ ਸਿੰਘ ਸਾਬਕਾ ਐਸ. ਡੀ. ਓ., ਰਜਿੰਦਰ ਪਾਲ ਵਡੇਰਾ ਰਿਟਾ: ਡਿਪਟੀ ਸੀ. ਏ. ਓ., ਜਗਤਾਰ ਸਿੰਘ ਪ੍ਰੈਸ ਸਕੱਤਰ, ਦਰਸ਼ਨ ਸਿੰਘ ਵਿੱਤ ਸਕੱਤਰ, ਦਰਸ਼ਨ ਸਿੰਘ ਕੋਟਾਲਾ, ਮਹੇਸ਼ ਕੁਮਾਰ ਖਮਾਣੋਂ, ਹਰਪਾਲ ਸਿੰਘ ਸਿਹਾਲਾ, ਅਮਰਜੀਤ ਸਿੰਘ ਮਾਛੀਵਾੜਾ, ਪ੍ਰੇਮ ਚੰਦ ਭਲਾ ਲੋਕ, ਜਸਵੰਤ ਸਿੰਘ ਢੰਡਾ, ਅਮਰੀਕ ਸਿੰਘ ਖਮਾਣੋਂ, ਰਾਕੇਸ਼ ਕੁਮਾਰ ਮਾਛੀਵਾੜਾ ਆਦਿ ਨੇ ਸੰਬੋਧਨ ਕੀਤਾ। ਮੀਟਿੰਗ ਦੀ ਕਾਰਵਾਈ ਇੰਜ: ਜੁਗਲ ਕਿਸ਼ੋਰ ਸਾਹਨੀ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਸਟੇਟ ਕਮੇਟੀ ਵੱਲੋਂ ਉਲੀਕੇ ਸੰਘਰਸ਼ਾਂ ਸਬੰਧੀ ਨਾਲ ਨਾਲ ਚਾਨਣਾ ਵੀ ਪਾਉਂਦੇ ਰਹੇ। ਅਖੀਰ ਵਿੱਚ ਸਿਕੰਦਰ ਸਿੰਘ ਮੰਡਲ ਪ੍ਰਧਾਨ ਨੇ ਮੀਟਿੰਗ ਵਿੱਚ ਆਏ ਪੈਨਸ਼ਨਰਜ਼ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਪੈਨਸ਼ਨਰਾਂ ਦੀਆਂ ਮੰਗਾਂ ਦਾ ਜਲਦੀ ਨਿਪਟਾਰਾ ਕਰੇ।