ਪਾਵਰਕੌਮ ਪੈਨਸ਼ਨਰਾਂ ਵੱਲੋਂ ਮੰਗਾਂ ਲਈ ਸੰਘਰਸ਼ ਤੇਜ਼ ਕਰਨ ਦਾ ਫੈਸਲਾ
ਪੈਨਸ਼ਨਰ ਐਸੋਸ਼ੀਏਸ਼ਨ ਪਾਵਰਕੌਮ ਅਤੇ ਟ੍ਰਾਂਸਕੋ ਦੇ ਮੈਬਰਾਂ ਦੀ ਇੱਕਤਰਤਾ
ਇਥੇ ਪੈਨਸ਼ਨਰ ਐਸੋਸ਼ੀਏਸ਼ਨ ਪਾਵਰਕੌਮ ਅਤੇ ਟ੍ਰਾਂਸਕੋ ਦੇ ਮੈਬਰਾਂ ਦੀ ਇੱਕਤਰਤਾ ਅੱਜ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿਚ ਪੈਨਸ਼ਨਰਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤਰਸੇਮ ਲਾਲ ਅਤੇ ਕ੍ਰਿਸ਼ਨ ਵਿਨਾਇਕ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਸੰਸਾਰ ਵਪਾਰਕ ਸੰਸਥਾ ਅਤੇ ਸੰਸਾਰ ਬੈਂਕ ਦੀਆਂ ਨੀਤੀਆਂ ਲਾਗੂ ਕਰਕੇ ਵੱਖ ਵੱਖ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਵਿਉਤਾਂ ਬਣਾ ਕੇ ਪੱਕੇ ਰੁਜ਼ਗਾਰ ਦਾ ਭੋਗ ਪਾ ਕੇ ਆਊਟਸੋਰਸਿੰਗ ਠੇਕਾ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ ਅਤੇ ਸੇਵਾ ਸ਼ਰਤਾਂ ਵਿਚ ਤਬਦੀਲੀਆਂ ਕਰਕੇ ਮਿਲਦੀਆਂ ਆਰਥਿਕ ਸਹੂਲਤਾਂ ਵੀ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਬੇ-ਰੁਜ਼ਗਾਰ ਨੌਜਵਾਨ ਅਤੇ ਮਿਹਨਤੀ ਲੋਕਾਂ ਦੇ ਰੁਜ਼ਗਾਰ ਦੀ ਰਾਖੀ ਲਈ ਸਰਕਾਰਾਂ ਵੱਲੋਂ ਤੇਜ਼ ਕੀਤੇ ਜਾ ਰਹੇ ਨਿੱਜੀਕਰਨ ਦੇ ਹਮਲੇ ਵਿਰੁੱਧ ਸੰਘਰਸ਼ ਤੇਜ਼ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ ਦੂਜੇ ਪਾਸੇ ਫ਼ਿਰਕਾਪ੍ਰਸਤ ਤਾਕਤਾਂ ਹੱਕੀਂ ਸੰਘਰਸ਼ਾਂ ਨੂੰ ਕੁਰਾਹੇ ਪਾਉਣ ਲਈ ਆਪਸੀ ਭਾਈਚਾਰਕ ਸਾਂਝ ਤੋੜਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਇਸ ਮੌਕੇ ਹਰਚਰਨ ਸਿੰਘ ਗਰੇਵਾਲ, ਰਾਮ ਕ੍ਰਿਸ਼ਨ ਅਤੇ ਰਕੇਸ਼ ਕੁਮਾਰ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਮੈਨੇਜਮੈਂਟ ਨੇ ਨਿੱਜੀਕਰਨ ਦੀ ਨੀਤੀ ਰੱਦ ਕਰਕੇ ਆਊਟਸੋਰਸਿੰਗ ਤੇ ਠੇਕਾ ਪ੍ਰਣਾਲੀ ਬੰਦ ਕਰਕੇ ਬਿਨ੍ਹਾਂ ਸ਼ਰਤ ਪੱਕੀ ਭਰਤੀ ਨਾ ਕੀਤੀ, ਸੇਵਾ ਸ਼ਰਤਾਂ ਵਿਚ ਕੀਤੀਆਂ ਤਬਦੀਲੀਆਂ ਰੱਦ ਨਾ ਕੀਤੀਆਂ, ਸੇਵਾ ਮੁਕਤ ਕਾਮਿਆਂ ਦੀ ਪੈਨਸ਼ਨ 2.59 ਪ੍ਰਤੀਸ਼ਤ ਨਾਲ ਨਾ ਸੋਧੀ ਅਤੇ ਬਣਦਾ ਬਕਾਇਆ ਨਾ ਦਿੱਤਾ, ਕੈਸਲੈਸ ਸਕੀਮ ਮੁੜ ਚਾਲੂ ਨਾ ਕੀਤੀ, ਡੀਏ ਦੀਆਂ ਕਿਸ਼ਤਾਂ ਨਾ ਦਿੱਤੀਆਂ, ਬੁਢਾਪਾ ਅਲਾਊਂਸ ਬੇਸਿਕ ਪੈਨਸ਼ਨ ਵਿਚ ਜੋੜਨਾ, 23 ਸਾਲਾਂ ਇਨਕਰੀਮੈਂਟ ਬਿਨ੍ਹਾਂ ਸ਼ਰਤ ਲਾਗੂ ਨਾ ਕੀਤੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਪੈਨਸ਼ਨਰ ਐਸੋਸ਼ੀਏਸ਼ਨ ਸਾਂਝੇ ਫਰੰਟ ਵੱਲੋਂ 13 ਅਕਤੂਬਰ ਨੂੰ ਸਰਕਲ ਦਫ਼ਤਰ ਖੰਨਾ ਅਤੇ 7 ਨਵੰਬਰ ਨੂੰ ਪਟਿਆਲਾ ਵਿਖੇ ਦਿੱਤੇ ਜਾ ਰਹੇ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹਰਬੰਸ ਸਿੰਘ ਦੋਬੁਰਜੀ, ਪਲਵਿੰਦਰ ਸਿੰਘ, ਸੁਰਜੀਤ ਸਿੰਘ, ਭਗਵੰਤ ਸਿੰਘ, ਜਗਦੇਵ ਸਿੰਘ, ਅਵਤਾਰ ਸਿੰਘ, ਸਾਂਗਾ ਰਾਮ, ਸਿਕੰਦਰ ਸਿੰਘ, ਨਛੱਤਰ ਸਿੰਘ ਹਾਜ਼ਰ ਸਨ।