ਪਾਵਰਕੌਮ ਸੀਐੱਚਬੀ ਮੁਲਾਜ਼ਮਾਂ ਵੱਲੋਂ ਡਿਵੀਜ਼ਨ ਦਫਤਰ ਅੱਗੇ ਧਰਨਾ ਜਾਰੀ
ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਿਵੀਜਨ ਖੰਨਾ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਕਲ ਪ੍ਰਧਾਨ ਜਮੀਲ ਮਹੁੰਮਦ ਅਤੇ ਜਸਵਿੰਦਰ ਸਿੰਘ ਕੁਲਾਰ ਨੇ ਦੱਸਿਆ ਕਿ ਆਊਟਸੋਰਸਡ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਰੈਗੂਲਰ ਕਰਨ, ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ 1948 ਜਾਂ 15ਵੀਂ ਲੇਬਰ ਕਾਨਫਰੰਸ ਤਹਿਤ ਲਾਗੂ ਕਰਨ, ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕੇਦਾਰੀ ਪ੍ਰਥਾ ਨੂੰ ਬੰਦ ਕਰਨ ਸਮੇਤ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਪਏ ਅਤੇ ਅਪੰਗ ਹੋਏ ਕਾਮਿਆਂ ਨੂੰ ਪੱਕੀ ਨੌਕਰੀ ਪੈਨਸ਼ਨ ਦੀ ਗਾਰੰਟੀ ਕਰਵਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਬਿਜਲੀ ਮੰਤਰੀ ਹਰਭਜਨ ਸਿੰਘ ਅਤੇ ਚੀਫ ਸੈਕਟਰੀ ਮੁੱਖ ਮੰਤਰੀ ਨਾਲ ਕਈ ਵਾਰ ਮੀਟਿੰਗਾ ਹੋਈਆਂ, ਜਿਸ ’ਤੇ ਮੁੱਖ ਮੰਤਰੀ ਮਾਨ ਵੱਲੋਂ ਭਰੋਸਾ ਦਵਾਇਆ ਗਿਆ ਸੀ ਕਿ 15 ਦਿਨਾਂ ਦੇ ਅੰਦਰ ਆਊਟ ਸੋਰਸਡ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਲ ਕਰਨ, ਤਨਖਾਹਾਂ ਵਿੱਚ ਵਾਧਾ ਕਰਨ ਅਤੇ ਹੋਰ ਮੰਗਾਂ ਦਾ ਨਿਪਟਾਰਾ ਕਰਕੇ ਮੁੜ ਜਥੇਬੰਦੀ ਨਾਲ ਮੀਟਿੰਗ ਕੀਤੀ ਜਾਵੇਗੀ। ਇਨ੍ਹਾਂ ਮੰਗਾਂ ਦਾ ਲਿਖਤੀ ਪੱਤਰ ਮੈਨੇਜਰ ਆਈਆਰ ਪੀਐੱਸਪੀਸੀਐੱਲ ਵੱਲੋਂ ਜਾਰੀ ਕੀਤਾ ਗਿਆ। ਅੱਜ 15 ਦਿਨਾਂ ਤੋਂ ਉੱਪਰ ਸਮਾਂ ਬੀਤਣ ਦੇ ਬਾਵਜੂਦ ਬਿਜਲੀ ਮੰਤਰੀ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਵੀਆਂ ਕੰਪਨੀਆਂ ਬਿਜਲੀ ਵਿਭਾਗ ਅੰਦਰ ਨਵੇਂ ਟੈਂਡਰ ਨਿਯੁਕਤ ਕਰ ਦਿੱਤੇ ਗਏ। ਠੇਕਾ ਕਾਮਿਆਂ ਨੇ ਮੰਗ ਕੀਤੀ ਕਿ ਕੰਪਨੀਆਂ ਨੂੰ ਬਾਹਰ ਕੱਢਕੇ ਠੇਕਾ ਕਾਮਿਆਂ ਨੂੰ ਸਿੱਧਾ ਬਿਜਲੀ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ, ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ ਲਾਗੂ ਕੀਤੀ ਜਾਵੇ ਅਤੇ ਹਾਦਸਾ ਹੋਣ ਦੀ ਸੁਰਤ ਵਿੱਚ ਪਰਿਵਾਰਕ ਮੈਂਬਰ ਨੂੰ ਪੱਕੀ ਨੌਕਰੀ ਤੇ ਪੈਨਸ਼ਨ ਦੀ ਗਾਰੰਟੀ ਦਿੱਤੀ ਜਾਵੇ।