ਪੰਜਾਬ ਨੂੰ ਰੰਗਲਾ ਬਣਾਉਣ ਦੇ ਨਾਂ ’ਤੇ ਕੀਤਾ ਕੰਗਲਾ: ਬਾਂਸਲ
ਗਗਨਦੀਪ ਅਰੋੜਾ
ਲੁਧਿਆਣਾ, 13 ਜੂਨ
ਹਲਕਾ ਪੱਛਮੀ ਦੀ ਉਪ ਚੋਣ ਲਈ ਸਿਆਸੀ ਅਖਾੜਾ ਲਗਾਤਾਰ ਭਖ਼ਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਸਾਬਕਾ ਕੇਂਦਰੀ ਰੇਲ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਪੁੱਜੇ।
ਪਵਨ ਬਾਂਸਲ ਨੇ ਅਗਰ-ਨਗਰ ਇਲਾਕੇ ਵਿੱਚ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਾਣੇ ਪਛਾਣੇ, ਪਰਖੇ, ਜਾਂਚੇ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਆਪਣੇ ਵੋਟ ਦੇ ਕੇ ਕਾਮਯਾਬ ਕਰਨ। ਇਸ ਮੌਕੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ, ਮਹਿਲਾ ਕਾਂਗਰਸ ਦੀ ਸਾਬਕਾ ਪੰਜਾਬ ਪ੍ਰਧਾਨ ਮਮਤਾ ਦੱਤਾ, ਬਲਜਿੰਦਰ ਸਿੰਘ, ਉਦਯੋਗਪਤੀ ਕੇ.ਕੇ. ਸੇਠ ਸਮੇਤ ਹੋਰ ਕਾਰੋਬਾਰੀ ਅਤੇ ਉਦਯੋਗਪਤੀ ਵੀ ਮੌਜੂਦ ਸਨ। ਪਵਨ ਬਾਂਸਲ ਨੇ ‘ਆਪ’ ਦੀ ਸਰਕਾਰ ਦੇ ਤਿੰਨ ਸਾਲਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਦਲਾਅ ਦੇ ਨਾਮ ’ਤੇ ਬਦਲੇ ਦੀ ਰਾਜਨੀਤੀ ਕਰਨ ਵਾਲਿਆਂ ਤੋਂ ਸਾਵਧਾਨ ਰਹੋ। ਪੰਜਾਬ ਨੂੰ ਰੰਗਲਾ ਬਣਾਉਣ ਦੇ ਨਾਮ ’ਤੇ ‘ਆਪ’ ਦੀ ਦਿੱਲੀ ਲੀਡਰਸ਼ਿਪ ਨੇ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਦੱਬ ਕੇ ਕੰਗਾਲ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ 54 ਹਜ਼ਾਰ ਨੌਕਰੀਆਂ ਦੇਣ ਦੇ ਦਾਅਵੇ ਸਿਰਫ਼ ਕਾਗਜੀ ਹੀ ਸਾਬਤ ਹੋ ਰਹੇ ਹਨ। ਬੇਰੁਜ਼ਗਾਰ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਇਸ ਭਿਆਨਕ ਗਰਮੀ ਵਿੱਚ ਬਿਜਲੀ ਕੱਟਾਂ ਕਾਰਨ ਜਨਤਾ ਤਰਾਹੀ-ਤਰਾਹੀ ਕਰ ਰਹੀ ਹੈ। ਬਿਜਲੀ ਕੱਟਾਂ ਕਾਰਨ ਲੋਕ ਰਾਤਾਂ ਅਪਣੀਆਂ ਕਾਰਾਂ ਵਿੱਚ ਏ.ਸੀ ਚਾਲੂ ਰੱਖ ਕੇ ਬਿਤਾ ਰਹੇ ਹਨ।
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਪੱਛਮੀ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਕੇ.ਕੇ. ਬਾਵਾ ਸਣੇ ਹੋਰ ਵੀ ਆਗੂ ਮੌਜੂਦ ਸਨ। ਫਿਰੋਜ਼ਪੁਰ ਰੋਡ ਸਥਿਤ ਕਾਂਗਰਸ ਦੇ ਮੁੱਖ ਚੋਣ ਦਫ਼ਤਰ ਪਹੁੰਚੇ ਰਾਮੂਵਾਲੀਆ ਨੇ ਪੱਤਰਕਾਰ ਮਿਲਣੀ ਕਰਦੇ ਹੋਏ ਭਾਰਤ ਭੂਸ਼ਣ ਆਸ਼ੂ ਦਾ ਦਿਲੋਂ ਸਮਰਥਨ ਕੀਤਾ। ਅਬਦਾਲੀ ਦੀ ਤਰਜ਼ ’ਤੇ ਪੰਜਾਬ ਨੂੰ ਲੁੱਟਣ ਆਏ ਕੇਜਰੀਵਾਲ ਤੋ ਬੱਚਣ ਲਈ ਸਥਾਨਕ ਵੋਟਰਾਂ ਨੂੰ ਅਪੀਲ ਕਰਦੇ ਹੋਏ ਰਾਮੂਵਾਲੀਆ ਨੇ ਕਿਹਾ ਕਿ 19 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਆਸ਼ੂ ਦਾ ਸਮਰਥਨ ਕਰਕੇ ਪੰਜਾਬ ਨੂੰ ਲੁੱਟਣ ਤੋਂ ਬਚਾਉਣ ਦੀ ਪਹਿਲੀ ਕੋਸ਼ਿਸ਼ ਕਰੋ। ਰਾਮੂਵਾਲੀਆ ਨੇ ਭਾਰਤ ਭੂਸ਼ਣ ਆਸ਼ੂ ਨੂੰ ਨਿਡਰ, ਬਹਾਦਰ ਦ੍ਰਿੜ ਇਰਾਦੀਆਂ ਵਾਲਾ ਸਿਆਸਤਦਾਨ ਦੱਸਦਿਆਂ ਕਿਹਾ ਕਿ ਉਨ੍ਹਾਂ (ਰਾਮੂਵਾਲੀਆ) ਦੇ ਸਾਥੀ ਹਰ ਵਾਰਡ ਅਤੇ ਬੂਥ ਪੱਧਰ ’ਤੇ ਆਸ਼ੂ ਲਈ ਪ੍ਰਚਾਰ ਕਰਕੇ ਆਸ਼ੂ ਦੀ ਜਿੱਤ ਯਕੀਨੀ ਬਣਾਉਣਗੇ।