ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਅੱਜ ਇਥੋਂ ਦੇ ਲਲਹੇੜੀ ਚੌਕ ’ਤੇ ਜਰਨੈਲੀ ਸੜਕ ਵਿਚਕਾਰ ਬਣੇ ਖਤਰਨਾਕ ਟੋਏ ਬਾਰੇ ਚਿੰਤਾ ਪ੍ਰਗਟ ਕਰਦਿਆਂ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਜਤਾਇਆ। ਉਨ੍ਹਾਂ ਕਿਹਾ ਕਿ ਇਹ ਟੋਏ ਸਿਰਫ਼ ਇੱਕ ਨਿੱਕੀ ਸਮੱਸਿਆ ਨਹੀਂ ਸਗੋਂ ਇਹ ਸਰਕਾਰ ਦੀ ਕਾਰਜਸ਼ੈਲੀ ’ਤੇ ਵੱਡਾ ਸਵਾਲ ਖੜ੍ਹਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਲਲਹੇੜੀ ਚੌਕ ਸ਼ਹਿਰ ਦਾ ਸਭ ਤੋਂ ਵੱਧ ਆਵਾਜਾਈ ਵਾਲਾ ਇਲਾਕਾ ਹੈ ਜਿੱਥੋਂ ਰੋਜ਼ਾਨਾ ਸੈਂਕੜੇ ਵਾਹਨ ਲੰਘਦੇ ਹਨ ਤੇ ਸੜਕ ਦੇ ਵਿਚਕਾਰ ਬਣਿਆ ਇਹ ਡੂੰਘਾ ਟੋਆ ਰੋਜ਼ਾਨਾ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਬਰਸਾਤ ਦੇ ਮੌਸਮ ਦੌਰਾਨ ਇਨ੍ਹਾਂ ਟੋਇਆ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਇਸ ਦੀ ਅਸਲ ਡੂੰਘਾਈ ਦਾ ਪਤਾ ਨਹੀਂ ਚੱਲਦਾ ਤੇ ਅਕਸਰ ਹੀ ਦੋ ਪਹੀਆ ਵਾਹਨ ਚਾਲਕ ਟੋਏ ਵਿੱਚ ਟਾਇਰ ਵੜਨ ਕਰਕੇ ਸੱਟਾਂ ਖਾਂਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਅਤੇ ਸਬੰਧਤ ਵਿਭਾਗ ਅੱਖਾਂ ਬੰਦ ਕਰਕੇ ਕਿਉਂ ਬੈਠਾ ਹੈ ਜਾਂ ਫ਼ਿਰ ਉਹ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹਨ।
ਉਨ੍ਹਾਂ ਕਿਹਾ ਕਿ ਇਸ ਸੜਕ ਰਾਹੀਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਆਪਣੇ ਘਰ ਜਾਂਦੇ ਹਨ ਅਤੇ ਉਸੇ ਸੜਕ ’ਤੇ ਜਨਤਾ ਦੀ ਸੁਰੱਖਿਆ ਨਾਲ ਅਜਿਹੀ ਲਾਪਰਵਾਹੀ ਸਰਕਾਰ ਦੀ ਅਸੰਵੇਦਨਸ਼ੀਲਤਾ ਨੂੰ ਉਜਾਗਰ ਕਰਦੀ ਹੈ। ਖਾਨ ਨੇ ਮੰਗ ਕੀਤੀ ਕਿ ਸਬੰਧਤ ਵਿਭਾਗ ਤੁਰੰਤ ਲਲਹੇੜੀ ਚੌਕ ਸੜਕ ਦਾ ਨਿਰੀਖਣ ਕਰਕੇ ਇਸ ਖਤਰਨਾਕ ਟੋਏ ਦੀ ਮੁਰੰਮਤ ਕਰਵਾ ਕੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਏ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਕੋਈ ਕਾਰਵਾਈ ਨਾ ਕੀਤੀ ਗਈ ਅਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਪੂਰੀ ਤਰ੍ਹਾਂ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ।