ਪੂਨਮ ਸ਼ਰਮਾ ਨੂੰ ‘ਪ੍ਰਿੰਸੀਪਲ ਆਫ ਦਿ ਯੀਅਰ’ ਐਵਾਰਡ
ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵਿੱਚ ਸਿੱਖਿਆ ਵਿੱਚ ਟੈਕਨੋਲੋਜੀ ਦੀ ਵਰਤੋਂ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਆਰਟੀਫਿਸ਼ਅਲ ਇੰਟੈਲੀਜੈਂਸ, (ਏ.ਆਈ) ਨੂੰ ਵਿਦਿਆਰਥੀਆਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਬਦਲੇ ਇਸ ਸੰਸਥਾ ਦੀ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੂੰ ‘ਪ੍ਰਿੰਸੀਪਲ ਆਫ ਦਿ ਯੀਅਰ’ ਐਵਾਰਡ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ ਹੈ। ਇਹ ਐਵਾਰਡ ਕੌਮੀ ਪੱਧਰ ਦੀ ਸੰਸਥਾ ਨੈਸ਼ਨਲ ਐਜੂਕੇਸ਼ਨ ਕਾਨਕਲੇਵ ਵੱਲੋਂ ਦਿੱਤਾ ਗਿਆ਼਼। ਸੀਬੀਐੱਸਸੀ ਅਧੀਨ ਆਉਂਦੇ ਦੇਸ਼ ਭਰ ਦੇ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਅਤੇ ਉਨਾਂ ਨੂੰ ਵਿਸ਼ਵ ਪੱਧਰ ਦੇ ਵਿਦਿਅਕ ਮੁਕਾਬਲਿਆਂ ਲਈ ਤਿਆਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਸਕੂਲਾਂ ਨੂੰ ਸਨਮਾਨਿਤ ਕਰਨ ਲਈ ਨਵੀਂ ਦਿੱਲੀ ਵਿੱਚ ਨੈਸ਼ਨਲ ਐਜੂਕੇਸ਼ਨ ਕਾਨਕਲੇਵ ਸੰਸਥਾ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਸੀ।
ਇਸ ਸਮਾਗਮ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ 'ਚ ਸਕੂਲਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ। ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੂੰ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵਿੱਚ ਸਿੱਖਿਆ ਵਿੱਚ ਟੈਕਨੋਲੋਜੀ ਦੀ ਵਰਤੋਂ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਵਿਦਿਆਰਥੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਤਿਆਰ ਕਰਨ ਅਤੇ ਸਮੇਂ ਦੀ ਲੋੜ ਮੁਤਾਬਕ ਵਿਦਿਅਕ ਸੁਧਾਰਾਂ ਲਈ ਉਨ੍ਹਾਂ ਨੂੰ ਇਹ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਡਾ. ਸ਼ਰਮਾ ਨੇ ਆਖਿਆ ਕਿ, ਅੱਜ ਪੂਰੀ ਦੁਨੀਆਂ ਵਿੱਚ ਟੈਕਨੋਲਜੀ ਦਾ ਯੁਗ ਹੈ ਅਤੇ ਜਿਹੜੇ ਬੱਚੇ ਆਪਣੇ ਆਪ ਨੂੰ ਇਸ ਮੁਕਾਬਲੇ ਲਈ ਤਿਆਰ ਕਰ ਲੈਣਗੇ ਉਹੀ ਭਵਿੱਖ ਵਿੱਚ ਚੰਗੇ ਮੌਕੇ ਪ੍ਰਾਪਤ ਕਰਨ ਵਿੱਚ ਕਾਮਯਾਬ ਰਹਿਣਗੇ। ਉਹਨਾਂ ਕਿਹਾ ਕਿ ਉਹ ਆਪਣੀ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਵਿਦਿਅਕ ਚੁਣੌਤੀਆਂ ਲਈ ਮਜਬੂਤੀ ਨਾਲ ਤਿਆਰ ਕਰਨ ਦੀ ਜਿੰਮੇਵਾਰੀ ਨੂੰ ਹੋਰ ਵੀ ਬਖੂਬੀ ਨਿਭਾਉਣਗੇ। ਕੌਮੀ ਪੱਧਰ ਦੀ ਇਸ ਸੰਸਥਾ ਵੱਲੋਂ ਡਾਕਟਰ ਪੂਨਮ ਸ਼ਰਮਾ ਨੂੰ ਇਹ ਐਵਾਰਡ ਮਿਲਣ ਤੇ ਸਮੁੱਚੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸਕੂਲ ਦੀ ਡਾਇਰੈਕਟਰ ਅੰਮ੍ਰਿਤਪਾਲ ਕੌਰ ਢਿੱਲੋ ਨੇ ਉਮੀਦ ਪ੍ਰਗਟਾਈ ਕਿ ਡਾ. ਪੂਨਮ ਸ਼ਰਮਾ ਦੀ ਅਗਵਾਈ ਚ ਉਨਾਂ ਦਾ ਇਹ ਸਕੂਲ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰੇਗਾ।