ਪ੍ਰਦੂਸ਼ਿਤ ਬੁੱਢਾ ਦਰਿਆ: ਸੀਚੇਵਾਲ ਦੀ ਵੀ ਨਹੀਂ ਸੁਣ ਰਿਹਾ ਪ੍ਰਸ਼ਾਸਨ
ਲੋਕਾਂ ਨੂੰ ਮਾਰਨ ’ਤੇ ਤੁਲੇ ਜ਼ਿਲ੍ਹਾ ਅਧਿਕਾਰੀ: ਸੀਚੇਵਾਲ; ਪੰਪਿੰਗ ਸਟੇਸ਼ਨ ਦੀਆਂ ਬੰਦ ਮੋਟਰਾਂ ਤੋਂ ਰਾਜ ਸਭਾ ਮੈਂਬਰ ਨਾਰਾਜ਼
ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਵਿੱਚ ਗੰਦੇ ਪਾਣੀ ਪੈਣ ਤੋਂ ਰੋਕਣ ਵਿੱਚ ਲਾਪ੍ਰਵਾਹੀ ਵਰਤ ਰਹੇ ਅਧਿਕਾਰੀਆਂ ਵਿਰੁੱਧ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦਾ ਪ੍ਰਸ਼ਾਸਨ ਏਨਾ ਢੀਠ ਹੋ ਚੁੱਕਾ ਹੈ ਕਿ ਉਹ ਲੋਕਾਂ ਨੂੰ ਗੰਦੇ ਤੇ ਜ਼ਹਿਰੀਲੇ ਪਾਣੀਆਂ ਨਾਲ ਮਾਰਨ ’ਤੇ ਤੁਲਿਆ ਹੋਇਆ ਹੈ। ਇਹ ਦੂਜਾ ਮੌਕਾ ਹੈ ਜਦੋਂ ਲੋਕ ਸਭਾ ਮੈਂਬਰ ਸੰਤ ਸੀਚੇਵਾਲ ਨੇ ਜਮਾਲਪੁਰ ਦੀ ਡਰੇਨ ’ਤੇ ਜਾ ਕੇ ਸਿੱਧੇ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ, ਖ਼ਾਸ ਕਰਕੇ ਸੀਵਰੇਜ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰੀਆਂ ’ਤੇ ਨਿਸ਼ਾਨਾ ਸੇਧਿਆ। ਸੰਤ ਸੀਚੇਵਾਲ ਅੱਜ ਜਦੋਂ ਜਮਾਲਪੁਰ ਪੰਪਿੰਗ ਸਟੇਸ਼ਨ ’ਤੇ ਪੱਜੇ ਤਾਂ ਦੇਖਿਆ ਕਿ ਤਿੰਨ ਮੋਟਰਾਂ ਵਿੱਚੋਂ ਦੋ ਬੰਦ ਪਈਆਂ ਸਨ। ਇਸ ਤੋਂ ਪਹਿਲਾਂ 7 ਨਵੰਬਰ ਨੂੰ ਬੁੱਢੇ ਦਰਿਆ ਦੀ ਸਫ਼ਾਈ ਬਾਬਤ ਸਮੀਖਿਆ ਮੀਟਿੰਗ ਮਗਰੋਂ ਜਮਾਲਪੁਰ ਐੱਸ ਟੀ ਪੀ ’ਤੇ ਲੱਗੇ ਪੰਪਿੰਗ ਸਟੇਸ਼ਨ ’ਤੇ ਸਾਰੀਆਂ ਮੋਟਰਾਂ ਬੰਦ ਹੋਣ ਤੋਂ ਰਾਜ ਸਭਾ ਮੈਂਬਰ ਨੇ ਅਧਿਕਾਰੀਆਂ ਦੀ ਕਲਾਸ ਲਾਈ ਸੀ ਕਿਉਂਕਿ ਮੀਟਿੰਗ ਵਿੱਚ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਪੰਪਿੰਗ ਸਟੇਸ਼ਨ ਦੀਆਂ ਸਾਰੀਆਂ ਮੋਟਰਾਂ ਚੱਲ ਰਹੀਆਂ ਹਨ। ਮੀਟਿੰਗ ਨੂੰ ਗੁੰਮਰਾਹ ਕਰਨ ਦਾ ਗੰਭੀਰ ਦੋਸ਼ ਲੱਗਿਆ ਸੀ। ਸੰਤ ਸੀਚੇਵਾਲ ਨੇ 7 ਨਵੰਬਰ ਨੂੰ ਦੂਸ਼ਿਤ ਪਾਣੀ ਬੁੱਢੇ ਦਰਿਆ ਵਿੱਚ ਪਾਉਣ ਦੀ ਵੀਡੀਓ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਵੀ ਭੇਜੀ ਸੀ। ਅੱਜ ਮੁੜ ਦੋ ਮੋਟਰਾਂ ਬੰਦ ਹੋਣ ਕਾਰਨ ਸੰਤ ਸੀਚੇਵਾਲ ਨੇ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਆਹਲੂਵਾਲੀਆਂ ਨਾਲ ਫੋਨ ’ਤੇੇ ਗੱਲਬਾਤ ਕਰਦਿਆਂ ਬੋਰਡ ਦੇ ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਨੀਅਤ ਦਾ ਖੁਲਾਸਾ ਕੀਤਾ ਕਿ ਕਿਵੇਂ ਸਰਕਾਰ ਵੱਲੋਂ 650 ਕਰੋੜ ਰੁਪਏ ਖਰਚ ਕਰਕੇ ਟਰੀਟਮੈਂਟ ਪਲਾਂਟ ਬਣਾਏ ਗਏ ਹਨ, ਫਿਰ ਵੀ ਦੂਸ਼ਿਤ ਪਾਣੀ ਸਿੱਧੇ ਤੌਰ ’ਤੇ ਦਰਿਆ ਵਿੱਚ ਜਾ ਰਿਹਾ ਹੈ।
ਇਸ ਗੰਭੀਰ ਮਾਮਲੇ ਨੂੰ ਸਥਾਨਕ ਸਰਕਾਰਾਂ ਵਿਭਾਗ ਦੀ ਸੀਨੀਅਰ ਅਧਿਕਾਰੀ ਆਈ ਏ ਐੱਸ ਦੀਪਤੀ ਉਪਲ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ। ਸੰਤ ਸੀਚੇਵਾਲ ਨੇ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਬੁੱਢੇ ਦਰਿਆ ਨੂੰ ਪਲੀਤ ਕਰਨ ਲਈ ਜ਼ਿੰਮੇਵਾਰ ਕਿਸੇ ਵੀ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅੱਵਲ ਦਰਜੇ ਦੇ ਢੀਠ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਮਨਾਂ ਵਿੱਚ ਬਿਲਕੁਲ ਵੀ ਦਰਦ ਨਹੀਂ ਹੈ ਕਿ ਇਹ ਪਾਣੀ ਲੋਕ ਪੀ ਰਹੇ ਹਨ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਦਾ ਪਾਣੀ ਨਹਿਰਾਂ ਰਾਹੀ ਮਾਲਵਾ ’ਤੇ ਰਾਜਸਥਾਨ ਨੂੰ ਜਾ ਰਿਹਾ ਹੈ ਤੇ ਲੋਕ ਇਸ ਨੂੰ ਪੀਣ ਲਈ ਵਰਤਦੇ ਹਨ।
ਡੇਅਰੀਆਂ ਦੇ ਮਲਮੂਤਰ ਨੂੰ ਦੇਸੀ ਢੰਗ ਨਾਲ ਸੋਧਿਆ ਜਾ ਰਿਹੈ
ਤਾਜਪੁਰ ਡੇਅਰੀਆਂ ਦਾ ਗੋਹਾ ਤੇ ਮਲਮੂਤਰ ਨੂੰ ਸੋਧਣ ਲਈ ਬਣਾਏ ਆਰਜ਼ੀ ਪ੍ਰਬੰਧ ਵੀ ਨਗਰ ਨਿਗਮ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਰਿਹਾ ਹੈ। ਧਰਮਕੰਡਾ ਨੇੜੇ ਆਰਜ਼ੀ ਤੌਰ ’ਤੇ ਬਣਾਏ ਗਏ ਸੀਚੇਵਾਲ ਮਾਡਲ ਰਾਹੀ ਡੇਅਰੀਆਂ ਵਿੱਚੋਂ ਆ ਰਹੇ ਮੂਤਰਾਲ ਨੂੰ ਦੇਸੀ ਢੰਗ ਨਾਲ ਟਰੀਟ ਕੀਤਾ ਜਾ ਰਿਹਾ ਹੈ ਤੇ ਨਿੱਤਰਿਆ ਪਾਣੀ ਬੁੱਢੇ ਦਰਿਆ ਵਿੱਚ ਜਾ ਰਿਹਾ ਹੈ, ਪਰ ਇੰਨ੍ਹਾਂ ਤਿੰਨਾਂ ਟੋਇਆ ਵਿੱਚ ਗੋਹਾ ਵੱਡੇ ਪੱਧਰ ’ਤੇ ਆਉਣ ਕਾਰਨ ਇਸ ਵਿਚ ਬਣੀਆਂ ਦੋ ਕੱਚੀਆਂ ਕੰਧਾਂ ਢਹਿ ਜਾਣ ਕਾਰਨ ਪਸ਼ੂਆਂ ਦਾ ਮੂਤਰਾਲ ਸਿੱਧਾ ਹੀ ਦਰਿਆ ਵਿੱਚ ਜਾ ਰਿਹਾ ਹੈ। ਨਗਰ ਨਿਗਮ ਦੇ ਮੁਲਜ਼ਮਾਂ ਨੂੰ ਇੰਨ੍ਹਾਂ ਕੱਚੀਆਂ ਕੰਧਾਂ ਦੀ ਥਾਂ ਮਿੱਟੀ ਦੇ ਬੋਰ ਭਰ ਕੇ ਲਾਉਣ ਦੀਆਂ ਹਦਾਇਤਾਂ ਕੀਤੀਆਂ ਸਨ, ਜਿਸ ’ਤੇ ਅਮਲ ਨਹੀਂ ਕੀਤਾ ਗਿਆ।

