ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਅਤੇ ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵੱਲੋਂ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰਜੀਤ ਕੌਰ ਦੀ ਕਵਿਤਾ ਦੀ ਕਿਤਾਬ ‘ਏ ਜਰਨੀ ਟੁਵਰਡਜ਼ ਲਾਈਟ’ ਨੂੰ ਰਿਲੀਜ਼ ਕੀਤਾ ਗਿਆ।
ਡਾ. ਹਰਗੁਨਜੋਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਕਿਤਾਬ ਵਿੱਚਲੇ ਸ਼ਬਦ ਕਿਸੇ ਵੀ ਵਿਅਕਤੀ ਨੂੰ ਪਦਾਰਥਵਾਦੀ ਸੰਸਾਰ ਤੋਂ ਅਧਿਆਤਮਕ ਸੰਸਾਰ ਵੱਲ ਮੋੜਨ ਦੀ ਸਮਰੱਥਾ ਰੱਖਦੇ ਹਨ। ਡਾ. ਸੁਸ਼ਮਿੰਦਰਜੀਤ ਦੀ ਕਵਿਤਾ ਪੂਰੀ ਤਰ੍ਹਾਂ ਆਸ਼ਾਵਾਦੀ ਸੰਸਾਰ ਦੇ ਦੁਆਲੇ ਘੁੰਮਦੀ ਹੈ। ਲੇਖਿਕਾ ਦੀ ਕਵਿਤਾ ਦੀ ਇਹ ਤੀਸਰੀ ਕਿਤਾਬ ਹੈ ਅਤੇ ਉਨ੍ਹਾਂ ਦੀਆਂ ਕੁੱਲ 24 ਕਿਤਾਬਾਂ ਛਪ ਚੁੱਕੀਆਂ ਹਨ। ਇਹ ਕਿਤਾਬ ਇੱਕ ਅੰਦਰੂਨੀ ਸਫਰ ਉੱਤੇ ਚੱਲਣ ਦੀ ਜਾਂਚ ਦੱਸਦੀ ਹੈ ਜਿੱਥੇ ਚੁੱਪ ਅਰਦਾਸ ਬਣ ਜਾਂਦੀ ਹੈ ਅਤੇ ਦੁੱਖ ਤਾਕਤ ਬਣ ਜਾਂਦਾ ਹੈ।
ਡਾ. ਮਨਦੀਪ ਕੌਰ ਰੰਧਾਵਾ ਨੇ ਕਿਹਾ ਕਿ ਇਹ ਕਿਤਾਬ ਇੱਕ ਆਤਮਾ ਦਾ ਸਫਰ ਹੈ ਅਤੇ ਹਰ ਕਵਿਤਾ ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਅਤੇ ਪਰਮਾਤਮਾ ਨੂੰ ਪਾਉਣ ਦੀ ਇੱਛਾ ਬਿਆਨ ਕਰਦੀ ਹੈ। ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਡਾ. ਐਸ ਪੀ ਸਿੰਘ ਨੇ ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਸਲਾਹੁੰਦੇ ਹੋਏ ਕਿਹਾ ਕਿ ਅਜਿਹੇ ਕਾਰਜ ਸਾਨੂੰ ਹੋਰ ਉਤਸਾਹਿਤ ਕਰਦੇ ਹਨ ਅਤੇ ਸਾਨੂੰ ਇਸ ਚੀਜ਼ ਵਾਸਤੇ ਵੀ ਪ੍ਰੇਰਿਤ ਕਰਦੇ ਹਨ ਕਿ ਅਸੀਂ ਆਪਣੇ ਵਿਹਲੇ ਸਮੇਂ ਨੂੰ ਕਿਸੇ ਕਾਰਜ ਲਗਾ ਸਕੀਏ।
ਡਾ. ਸੁਮੇਧਾ ਭੰਡਾਰੀ ਨੇ ਕਿਹਾ ਕਿ ਡਾ. ਸੁਸ਼ਮਿੰਦਰਜੀਤ ਨੇ ਸਿਰਫ ਲਿਖਿਆ ਹੀ ਨਹੀਂ ਸਗੋਂ ਜੀਵਿਆ ਵੀ ਹੈ। ਉਹਨਾਂ ਦੀਆਂ ਕਵਿਤਾਵਾਂ ਸੰਘਰਸ਼, ਆਸ ਅਤੇ ਮਨੁੱਖੀ ਹੋਂਦ ਦੀ ਸਚਾਈ ਨੂੰ ਦਰਸਾਉਂਦੀਆਂ ਹਨ। ਗੁਰਲੀਨ ਕੌਰ ਸੰਧੂ ਨੇ ਕਿਹਾ ਕਿ ਇਹ ਕਿਤਾਬ ਲੇਖਕ ਦੇ ਆਪਣੇ ਅੰਦਰੂਨੀ ਆਤਮਾ ਦਾ ਇੱਕ ਪ੍ਰਤੀਬਿੰਬ ਹੈ। ਕਈ ਕਵੀ ਅਤੇ ਵਿਦਵਾਨਾਂ ਨੇ ਆਨਲਾਈਨ ਵੀ ਹਾਜ਼ਰੀ ਲਗਵਾਈ। ਇਸ ਮੌਕੇ ਉਕਤ ਤੋਂ ਇਲਾਵਾ ਕੌੰਸਲ ਦੇ ਸਕੱਤਰ ਹਰਸ਼ਰਨ ਸਿੰਘ ਨਰੂਲਾ, ਸੀਨੀ. ਵਾਈਸ ਪ੍ਰਧਾਨ ਕੁਲਜੀਤ ਸਿੰਘ, ਡਾਇਰੈਕਟਰ ਜੀਜੀਐਨ ਆਈ ਐਮਟੀ ਪ੍ਰੋ. ਮਨਜੀਤ ਸਿੰਘ ਛਾਬੜਾ, ਪ੍ਰਿੰਸੀਪਲ ਹਰਪ੍ਰੀਤ ਸਿੰਘ ਅਤੇ ਕਾਲਜ ਦਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।