ਮਾਛੀਵਾੜਾ ਬਲਾਕ ਦੇ ਛੇ ਪਿੰਡਾਂ ’ਚ ਖੇਡ ਮੈਦਾਨ ਬਣਾਏ ਜਾਣਗੇ: ਦਿਆਲਪੁਰਾ
ਨੌਜਵਾਨਾਂ ਨੂੰ ਉੱਚ ਸਿੱਖਿਆ ਤੇ ਸਿਹਤ ਸੰਭਾਲ ਵੱਲ ਧਿਆਨ ਦੇਣ ਲਈ ਪ੍ਰੇਰਿਆ
ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅੱਜ ਇਥੇ ਮਾਛੀਵਾੜਾ ਬਲਾਕ ਵਿਚ ਵੀ 6 ਪਿੰਡਾਂ ਵਿਚ ਡੇਢ ਕਰੋੜ ਦੀ ਲਾਗਤ ਨਾਲ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮਾਛੀਵਾੜਾ ਬਲਾਕ ਦੇ ਪਿੰਡ ਛੌੜੀਆਂ, ਸ਼ੇਰਪੁਰ ਬਸਤੀ, ਬਹਿਲੋਲਪੁਰ ਅਤੇ ਬਾਲਿਓਂ ਵਿਚ ਇਹ ਖੇਡ ਮੈਦਾਨ ਬਣਾਏ ਜਾਣਗੇ ਜਿਨ੍ਹਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਦੇਸ਼ ਹੈ ਕਿ ਹਰੇਕ ਪਿੰਡ ਵਿਚ ਖੇਡ ਮੈਦਾਨ ਹੋਵੇ ਤਾਂ ਜੋ ਨੌਜਵਾਨ ਖੇਡਾਂ ਪ੍ਰਤੀ ਜਾਗਰੂਕ ਹੋ ਸਕਣ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਪੰਜਾਬੀ ਦੀ ਜਵਾਨੀ ਉੱਚ ਸਿੱਖਿਆ ਤੇ ਸਿਹਤ ਸੰਭਾਲ ਵੱਲ ਧਿਆਨ ਦੇ ਕੇ ਪੰਜਾਬ ਦੀ ਤਰੱਕੀ ਵਿਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਫੈਲੇ ਨਸ਼ਿਆਂ ਦੇ ਫੈਲੇ ਕੋਹੜ ਨੂੰ ਖਤਮ ਕਰਨ ਲਈ ਜੋ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸਦੇ ਬੜੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜ ਰਹੇ ਹਨ। ਇਸ ਮੌਕੇ ‘ਆਪ’ ਆਗੂ ਸੋਹਣ ਲਾਲ ਸ਼ੇਰਪੁਰੀ ਨੇ ਵਿਧਾਇਕ ਦਿਆਲਪੁਰਾ ਦਾ ਬੇਟ ਖੇਤਰ ਦੇ ਪਿੰਡਾਂ ਵਿਚ ਸਟੇਡੀਅਮ ਨਿਰਮਾਣ ਲਈ ਗਰਾਂਟਾ ਦੇਣ ’ਤੇ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਸਰਪੰਚ ਜੋਗਿੰਦਰ ਸਿੰਘ ਪੋਲਾ, ਕੌਂਸਲਰ ਜਗਮੀਤ ਸਿੰਘ ਮੱਕੜ, ਨਵਜੀਤ ਸਿੰਘ ਉਟਾਲਾਂ ਵੀ ਮੌਜੂਦ ਸਨ।