ਗੁਰੂ ਨਾਨਕ ਸਟੇਡੀਅਮ ’ਚ ਖਿਡਾਰੀਆਂ ਦੇ ਟਰਾਇਲ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜੁਲਾਈ
ਖੇਡ ਵਿਭਾਗ ਪੰਜਾਬ ਵੱਲੋਂ ਅੱਜ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਦੇ ਵੱਖ-ਵੱਖ 15 ਖੇਡਾਂ ਦੇ ਚੋਣ ਟਰਾਇਲ ਕਰਵਾਏ ਗਏ। ਇਸ ਸਬੰਧੀ ਜ਼ਿਲ੍ਹਾ ਖੇਡ ਅਫਸਰ ਲੁਧਿਆਣਾ ਕੁਲਦੀਪ ਚੁੱਘ ਨੇ ਦੱਸਿਆ ਕਿ ਅਥਲੈਟਿਕਸ, ਆਰਚਰੀ ਬਾਕਸਿੰਗ, ਬੈਡਮਿੰਟਨ, ਸਾਈਕਲਿੰਗ, ਫੁੱਟਬਾਲ, ਹਾਕੀ, ਜੂਡੋ, ਕਬੱਡੀ ਨੈਸਨਲ ਸਟਾਈਲ, ਖੋ-ਖੋ, ਸ਼ੂਟਿੰਗ, ਤੈਰਾਕੀ, ਵਾਲੀਬਾਲ, ਵੇਟ-ਲਿਫਟਿੰਗ ਅਤੇ ਕੁਸਤੀ ਖੇਡਾਂ ਵਿੱਚ ਕਰੀਬ 230 ਖਿਡਾਰੀਆਂ ਨੇ ਹਿੱਸਾ ਲਿਆ। ਲੜਕੀਆਂ ਦੇ ਚੋਣ ਟਰਾਇਲ ਭਲਕੇ 9 ਜੁਲਾਈ ਨੂੰ ਲਏ ਜਾਣਗੇ ਜਿਨ੍ਹਾਂ ਦੀ ਰਜਿਸਟਰੇਸਨ ਸਵੇਰੇ 8:30 ਵਜੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਸੁਰੂ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਸਪੋਰਟਸ ਵਿੰਗ ਸਕੀਮ ਅਧੀਨ ਚੁਣੇ ਜਾਣ ਵਾਲੇ ਖਿਡਾਰੀਆਂ/ਖਿਡਾਰਨਾਂ ਨੂੰ ਖੇਡਾਂ ਦਾ ਸਾਮਾਨ, ਟਰੇਨਿੰਗ ਦੇ ਨਾਲ-ਨਾਲ ਹਰੇਕ ਰੈਜੀਡੈਂਸ਼ਲ ਖਿਡਾਰੀ ਨੂੰ 225 ਰੁਪਏ ਅਤੇ ਡੇ-ਸਕਾਲਰ ਨੂੰ 125 ਰੁਪਏ ਪ੍ਰਤੀ ਦਿਨ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ। ਕੁਲਦੀਪ ਚੁੱਘ ਚੁੱਘ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਤਾਂ ਜੋ ਨਰੋਏ ਪੰਜਾਬ ਦੀ ਸਿਰਜਣਾ ਦਾ ਮੁੱਢ ਬੰਨ੍ਹਿਆ ਜਾ ਸਕੇ।