DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਗ ਵਿਰੋਧੀ ਸੁਨੇਹਾ ਦਿੰਦਾ ਨਾਟਕ ‘ਗ਼ਜ਼ਬ ਤੇਰੀ ਅਦਾ’ ਖੇਡਿਆ

ਨਾਟਕ ਦੇਸ਼ ਵੰਡ ਦੌਰਾਨ ਕਤਲ ਹੋਏ ਲੋਕਾਂ ਨੂੰ ਸਮਰਪਿਤ
  • fb
  • twitter
  • whatsapp
  • whatsapp
featured-img featured-img
ਮੰਡੀ ਮੁੱਲਾਂਪੁਰ ਵਿੱਚ ਨਾਟਕ ਖੇਡਦੇ ਹੋਏ ਕਲਾਕਾਰ। -ਫੋਟੋ: ਸ਼ੇਤਰਾ
Advertisement

ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਇਥੇ ਗੁਰਸ਼ਰਨ ਕਲਾ ਭਵਨ ਵਿੱਚ ਨਾਟਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਫਲਸਤੀਨ ਵਿੱਚ ਜੰਗ ਦਾ ਖਾਜਾ ਬਣ ਰਹੇ ਬੇਕਸੂਰ ਲੋਕਾਂ ਨੂੰ ਅਤੇ 1947 ਵਿੱਚ ਦੇਸ਼ ਦੀ ਵੰਡ ਵਿੱਚ ਮਰਨ ਵਾਲੇ ਬੇਕਸੂਰ ਲੋਕਾਂ ਨੂੰ ਸਮਰਪਿਤ ਸੀ। ਉੱਘੇ ਲੇਖਕ ਅਮਰੀਕ ਤਲਵੰਡੀ, ਤ੍ਰਿਲੋਚਨ ਸਿੰਘ ਨਾਟਕਕਾਰ, ਮਾਸਟਰ ਉਜਾਗਰ ਸਿੰਘ, ਹਰਕੇਸ਼ ਚੌਧਰੀ, ਸੰਤੋਖ ਗਿੱਲ ਪੱਤਰਕਾਰ, ਲੈਕਚਰਾਰ ਇਕਬਾਲ ਪੂੜੈਣ, ਰਾਜੀਵ ਪੁਰੀ ਸਾਬਕਾ ਟੈਕਸ ਅਧਿਕਾਰੀ, ਲੈਕਚਰਾਰ ਦਲਜੀਤ ਸਿੰਘ ਆਦਿ ਨੇ ਰੋਸ਼ਨੀ ਤੇ ਚੇਤੰਨਤਾ ਦਾ ਪ੍ਰਤੀਕ ਮੋਮਬੱਤੀਆਂ ਬਾਲ਼ ਕੇ ਇਸ ਦਾ ਉਦਘਾਟਨ ਕੀਤਾ।

Advertisement

ਅਮਰੀਕ ਤਲਵੰਡੀ ਨੇ ਲੋਕ ਕਲਾ ਮੰਚ ਦੇ ਸਫ਼ਰ ਬਾਰੇ ਭਾਵਪੂਰਤ ਕਵਿਤਾ ਪੇਸ਼ ਕੀਤੀ। ਕੈਲਗਰੀ ਤੋਂ ਉੱਘੇ ਵਿਦਵਾਨ ਹਰਚਰਨ ਪਰਹਾਰ ਨੇ ਸਮਾਗਮ ਦੀ ਸਫ਼ਲਤਾ ਲਈ ਆਰਥਿਕ ਸਹਾਇਤਾ ਭੇਜੀ। ਲੈਕਚਰਾਰ ਪਰਗਟ ਸਿੰਘ ਦੀ 85 ਸਾਲਾ ਮਾਤਾ ਕਪੂਰ ਕੌਰ ਨੇ ਗੁਰਸ਼ਰਨ ਕਲਾ ਭਵਨ ਲਈ ਹੱਥੀਂ ਸਲਾਈਆਂ ਨਾਲ ਬੁਣ ਕੇ ਉੱਨ ਦੇ ਦੋ ਬਾਗ ਭਵਨ ਦੀ ਸ਼ੋਭਾ ਵਧਾਉਣ ਲਈ ਪ੍ਰਧਾਨ ਹਰਕੇਸ਼ ਚੌਧਰੀ ਨੂੰ ਭੇਟ ਕੀਤੇ। ਉਪਰੰਤ ਨਾਟਕ 'ਗ਼ਜ਼ਬ ਤੇਰੀ ਅਦਾ' ਸੁਰਭੀ ਰੰਗ ਆਰਟ ਐਂਡ ਵੈਲਫੇਅਰ ਸੁਸਾਇਟੀ ਲੁਧਿਆਣਾ ਵਲੋਂ ਜਗਦੇਵ ਸਿੰਘ ਅਤੇ ਗੁਰਮੀਤ ਸਿੰਘ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ।

ਨਾਟਕ ਦੀ ਪੇਸ਼ਕਾਰੀ ਬੜੀ ਜ਼ਬਰਦਸਤ ਸੀ। ਨਾਟਕ ਜੰਗ ਵਿਰੋਧੀ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਇਸ ਵਿੱਚ ਦਰਸਾਇਆ ਗਿਆ ਕਿ ਨਿੱਹਕੀਆਂ ਜੰਗਾਂ ਵਿੱਚ ਕਿਸ ਤਰ੍ਹਾਂ ਫਲਸਤੀਨੀ ਲੋਕ ਮਰ ਰਹੇ ਹਨ, ਜੰਗਾਂ ਮਾਂਵਾਂ ਦੇ ਪੁੱਤ ਖਾਣੀਆਂ, ਭੈਣਾਂ ਦੇ ਵੀਰ ਖਾਣੀਆਂ, ਔਰਤਾਂ ਦੇ ਖਾਮੰਦ ਖਾਣੀਆਂ ਹੁੰਦੀਆਂ ਹਨ। ਇਹ ਜੰਗਾਂ ਬੰਦ ਹੋਣੀਆਂ ਚਾਹੀਦੀਆਂ ਹਨ। ਇਸ ਮੌਕੇ ਤਿਰਲੋਚਨ ਸਿੰਘ ਨਾਟਕਕਾਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਨਾਟਕ ਟੀਮ ਦਾ ਸਨਮਾਨ ਹਰਕੇਸ਼ ਚੌਧਰੀ, ਕਮਲਜੀਤ ਮੋਹੀ, ਦੀਪਕ ਰਾਏ, ਰਣਵੀਰ ਸਿੰਘ, ਭਾਗ ਸਿੰਘ ਗਿੱਲ, ਸੁਖਦੀਪ ਸਿੰਘ ਚਾਨਾ, ਅੰਜੂ ਚੌਧਰੀ, ਨੀਰਜਾ ਬਾਂਸਲ, ਸਰਨਜੀਤ ਕੌਰ, ਪਰਦੀਪ ਕੌਰ, ਨੈਨਾ ਸ਼ਰਮਾ, ਚੰਨਪ੍ਰੀਤ ਕੌਰ, ਲਖਵੀਰ ਸਿੰਘ ਨੇ ਕੀਤਾ। ਇਸ ਮੌਕੇ ਮਾਤਾ ਕਪੂਰ ਕੌਰ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਮਾਸਟਰ ਗੁਰਜੀਤ ਸਿੰਘ, ਪ੍ਰਿੰਸੀਪਲ ਅਜਮੇਰ ਸਿੰਘ ਦਾਖਾ, ਪ੍ਰੋਫੈਸਰ ਏਕਤਾ, ਗੁਰਦੀਪ ਕੌਰ, ਗੁਰਪ੍ਰੀਤ ਸਿੰਘ, ਰਾਜਿੰਦਰ ਕੌਰ ਹਾਜ਼ਰ ਸਨ।

Advertisement
×