‘ਰੁੱਖ ਲਗਾਓ ਚੌਗਿਰਦਾ ਬਚਾਓ’ ਮੁਹਿੰਮ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਜੁਲਾਈ
ਹਰ ਮੈਦਾਨ ਫਤਹਿ ਸੇਵਾ ਦਲ ਨੇ ਅੱਜ ਨੇੜਲੇ ਪਿੰਡ ਰਹੌਣ ਵਿੱਚ ‘ਰੁੱਖ ਲਗਾਓ ਚੌਗਿਰਦਾ ਬਚਾਓ’ ਮੁਹਿੰਮ ਦਾ ਆਗਾਜ਼ ਕਰਦਿਆਂ 50 ਤੋਂ ਵਧੇਰੇ ਫਲਦਾਰ ਅਤੇ ਛਾਂਦਾਰ ਰੁੱਖਾਂ ਵਾਲੇ ਬੂਟੇ ਲਾਏ। ਇਸ ਮੌਕੇ ਸੰਸਥਾ ਦੇ ਪ੍ਰਧਾਨ ਕਸ਼ਮੀਰ ਸਿੰਘ ਖਾਲਸਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦਿਨੋਂ ਦਿਨ ਗੰਧਲੇ ਹੋ ਰਹੇ ਵਾਤਾਵਰਨ ਅਤੇ ਵੱਧ ਰਹੇ ਪ੍ਰਦੂਸ਼ਣ ਤੋਂ ਰਾਹਤ ਪਾਉਣ ਲਈ ਬੂਟੇ ਲਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਜਗ੍ਹਾ ਦਿਓ ਬੂਟੇ ਲੈ ਕੇ ਅਤੇ ਲਾਉਣ ਦੀ ਜ਼ੁੰਮੇਵਾਰੀ ਸੰਸਥਾ ਦੀ ਹੋਵੇਗੀ, ਤੁਸੀਂ ਸਿਰਫ਼ ਉਨ੍ਹਾਂ ਦੀ ਸੰਭਾਲ ਕਰਨੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣਾ ਫਰਜ਼ ਸਮਝਦੇ ਹੋਏ ਘੱਟੋ ਘੱਟ ਇਕ ਬੂਟਾ ਲਾਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਵੱਧ ਰਹੀਆਂ ਬਿਮਾਰੀਆਂ ਤੋਂ ਰਾਹਤ ਮਿਲ ਸਕੇ। ਉਨ੍ਹਾਂ ਨੌਜਵਾਨਾਂ ਨੂੰ ਬੂਟੇ ਲਾਉਣ ਅਤੇ ਦੂਜਿਆਂ ਲਈ ਪ੍ਰੇਰਨਾ ਬਣਨ ਦਾ ਸੁਨੇਹਾ ਦਿੱਤਾ। ਇਸ ਮੌਕੇ ਮਨਦੀਪ ਸਿਘ, ਵਿਕਰਮਜੀਤ ਸਿੰਘ, ਅਮਨਮੋਲਪ੍ਰੀਤ ਸਿੰਘ, ਅਮਰੀਕ ਸਿੰਘ, ਪਾਲ ਸਿੰਘ, ਸੁਖਵਿੰਦਰ ਸਿੰਘ ਸਲੋਦੀ, ਰਵੀ ਭੱਟੀ, ਰਣਧੀਰ ਸਿੰਘ ਤੇ ਹੋਰ ਹਾਜ਼ਰ ਸਨ।