ਸੜਕ ਹਾਦਸੇ ’ਚ ਵਿਅਕਤੀ ਹਲਾਕ
ਥਾਣਾ ਡੇਹਲੋਂ ਦੇ ਇਲਾਕੇ ਪਿੰਡ ਗੁਰਮਾ ਸਥਿਤ ਗੁਰਮਾ ਗੇਟ ਨੇੜੇ ਕੈਂਟਰ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਪਿੰਡ ਡੇਹਲੋਂ ਵਾਸੀ ਮਨਜੀਤ ਸਿੰਘ ਦਾ ਲੜਕਾ ਜਤਿੰਦਰ ਸਿੰਘ (21) ਆਪਣੇ ਮੋਟਰਸਾਈਕਲ ’ਤੇ ਡੇਹਲੋਂ ਚੌਕ ਤੋਂ ਪਿੰਡ ਖਾਨਪੁਰ ਵੱਲ ਜਾ ਰਿਹਾ ਸੀ ਤਾਂ ਨੇੜੇ ਗੁਰਮਾ ਗੇਟ ਪਿੰਡ ਗੁਰਮਾ ਸਾਹਨੇਵਾਲ ਰੋਡ ’ਤੇ ਤੇਜ਼ ਰਫ਼ਤਰਾ ਕੈਂਟਰ ਦੇ ਚਾਲਕ ਨੇ ਜਤਿੰਦਰ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਹ ਹੇਠਾਂ ਡਿੱਗ ਪਿਆ ਤੇ ਸਖ਼ਤ ਜ਼ਖ਼ਮੀ ਹੋ ਗਿਆ। ਜਤਿੰਦਰ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪੁਲੀਸ ਨੇ ਰੋਹਿਤ ਪਾਸਵਾਨ ਵਾਸੀ ਪਿੰਡ ਕਮਰੇਲੀ ਬਿਲਾਸਪੁਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਹੈ ਤੇ ਕੈਂਟਰ ਵੀ ਬਰਾਮਦ ਕਰ ਲਿਆ ਹੈ।
ਥਾਣਾ ਸਰਾਭਾ ਨਗਰ ਦੇ ਇਲਾਕੇ ਵਿੱਚ ਪਿੰਡ ਝਾਂਡੇ ਨੇੜੇ ਟਰੱਕ ਦੀ ਸਕੂਟਰ ਵਿੱਚ ਟੱਕਰ ਨਾਲ ਸਕੂਟਰ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ। ਪਿੰਡ ਝਾਂਡੇ ਵਾਸੀ ਪਰਮਿੰਦਰ ਸਿੰਘ ਦਾ ਭਰਾ ਜਗਦੇਵ ਸਿੰਘ ਨਾਲ ਆਪਣੇ ਸਕੂਟਰ ’ਤੇ ਜਾ ਰਿਹਾ ਸੀ ਤਾਂ ਜੀਟੀ ਰੋਡ ਤੋਂ ਪਿੰਡ ਝਾਂਡੇ ਨੂੰ ਮੁੜਨ ਵਾਲੀ ਸੜਕ ਨੇੜੇ ਲੁਧਿਆਣਾ ਵੱਲੋਂ ਆ ਰਿਹੇ ਤੇਜ਼ ਰਫ਼ਤਾਰ ਟਰੱਕ ਦੇ ਅਣਪਛਾਤੇ ਚਾਲਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਦਵੇਂ ਸਵਾਰ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਏ। ਟਰੱਕ ਚਾਲਕ ਫਰਾਰ ਹੋ ਗਿਆ। ਥਾਣੇਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।