ਲੋਕਾਂ ਵੱਲੋਂ ਬੰਦ ਪਏ ਗਟਰਾਂ ਤੇ ਪੁੱਟੇ ਟੋਇਆਂ ਖਿਲਾਫ਼ ਪ੍ਰਦਰਸ਼ਨ
ਸ਼ਹਿਰ ਦੇ ਵਾਰਡ ਨੰਬਰ-21 ਦੇ ਵਸਨੀਕਾਂ ਨੇ ਅੱਜ ਬਦਰੀ ਪ੍ਰਸ਼ਾਦ ਵਾਲੀ ਗਲੀ ਦੇ ਦਾਖਲੇ ’ਤੇ ਪਾਣੀ, ਸੀਵਰ ਸਮੱਸਿਆ ਠੀਕ ਕਰਨ ਲਈ ਪੁੱਟ ਕੇ ਅੱਧ ਵਿਚਕਾਰ ਛੱਡੇ ਵੱਡੇ ਟੋਏ ਦੇ ਮੁੱਦੇ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਸਮਾਜ ਸੇਵੀ ਸੰਸਥਾ ‘ਵਾਇਸ ਆਫ਼ ਖੰਨਾ ਸਿਟੀਜ਼ਨਜ਼’ ਦੇ ਮੈਬਰਾਂ ਨੂੰ ਬੁਲਾ ਕੇ ਵਾਰਡ ਦੀ ਹਾਲਤ ਦਿਖਾਉਂਦਿਆਂ ਮੰਗ ਕੀਤੀ ਕਿ ਉਕਤ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇ ਕਿਉਂਕਿ ਵਾਰਡ ਵਿਚ ਪਏ ਡੂੰਘੇ ਟੋਏ ਕਾਰਨ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਵਾਰਡ ਵਾਸੀ ਪ੍ਰਦੀਪ ਗੋਇਲ, ਕਮਲ ਵਰਮਾ, ਗਗਨ ਨਾਰੰਗ, ਰਮਨ ਵਰਮਾ ਨੇ ਕਿਹਾ ਕਿ ਸਾਨੂੰ ਹਰ ਸਮੇਂ ਡਰ ਬਣਿਆ ਰਹਿੰਦਾ ਹੈ ਕਿ ਕੋਈ ਬੱਚਾ ਜਾਂ ਬਜ਼ੁਰਗ ਇਸ ਟੋਏ ਵਿਚ ਨਾ ਡਿੱਗ ਪਵੇ। ਲੋਕਾਂ ਨੇ ਕਿਹਾ ਕਿ ਇਸ ਸਮੱਸਿਆ ਸਬੰਧੀ ਕਈ ਵਾਰ ਨਗਰ ਕੌਂਸਲ ਅਤੇ ਸਬੰਧਤ ਕੌਂਸਲਰ ਨੂੰ ਸ਼ਿਕਾਇਤ ਕਰ ਚੁੱਕੇ ਹਨ ਪ੍ਰਤੂੰ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਨਗਰ ਕੌਂਸਲ ਤੋਂ ਸਵਾਲ ਕੀਤਾ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਕੌਣ ਜ਼ੁੰਮੇਵਾਰ ਹੋਵੇਗਾ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਉਕਤ ਗਲੀਆਂ ਦੀ ਮਾੜੀ ਹਾਲਤ ਅਤੇ ਖੁੱਲ੍ਹੇ ਛੱਡੇ ਟੋਏ ਨੂੰ ਦੇਖ ਕੇ ਹੈਰਾਨੀ ਪ੍ਰਗਟ ਕੀਤੀ ਕਿ ਲੋਕ ਇਨ੍ਹਾਂ ਹਾਲਾਤਾਂ ਵਿਚ ਕਿਵੇਂ ਰਹਿ ਰਹੇ ਹਨ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਮੱਸਿਆ ਨੂੰ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਧਿਆਨ ਵਿਚ ਲਿਆ ਕੇ ਜਲਦ ਹੱਲ ਕਰਵਾਉਣਗੇ। ਇਸ ਤੋਂ ਇਲਾਵਾ ਇਲਾਕੇ ਦੇ ਮਾਤਾ ਰਾਣੀ ਪਾਰਕ ਦੀ ਨੁਹਾਰ ਵੀ ਜਲਦ ਬਦਲੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੰਸਥਾ ਵੱਲੋਂ ਵੱਖ ਵੱਖ ਇਲਾਕਿਆਂ ਵਿਚ ਸੀਵਰੇਜ ਸਫਾਈ ਕਰਵਾਉਣ ਤੋਂ ਇਲਾਵਾ ਬੰਦ ਪਈਆਂ ਸਟਰੀਟ ਲਾਈਟਾਂ ਠੀਕ ਕਰਵਾਈਆਂ ਹਨ। ਇਸ ਮੌਕੇ ਕਰਨ ਖੇੜਾ, ਰਾਜੂ ਹੌਂਡਾ, ਲਵਲੀ ਗਰਚਾ, ਜੁਗਨੂੰ ਕਾਲੜਾ, ਅਮਨ ਜਾਲੂ, ਸੁਖਵੰਤ ਕੌਰ, ਨੀਰਜ ਕੁਮਾਰ, ਅਜੇ ਕੁਮਾਰ, ਵਿਕਾਸ ਕੁਮਾਰ, ਗੁਰਵਿੰਦਰ ਕੌਰ, ਮੁਹੰਮਦ ਹਸੀਨ, ਹੰਸ ਰਾਜ, ਪੂਜਾ ਡਾਂਗ, ਕਮਲਾ ਦੇਵੀ, ਪ੍ਰਕਾਸ਼ ਕੌਰ, ਕਾਂਤਾ ਦੇਵੀ, ਸੁਰੇਸ਼ ਕੁਮਾਰ, ਰਮੇਸ਼ ਕੁਮਾਰ, ਹਰੀਓਮ, ਵਿੱਕੀ ਸ਼ਰਮਾ ਤੇ ਹੋਰ ਹਾਜ਼ਰ ਸਨ।