ਲੁਧਿਆਣਾ ਦੇ ਲੋਕਾਂ ਨੂੰ ਨਹੀਂ ਮਿਲ ਰਿਹਾ ਟਰੈਫਿਕ ਜਾਮ ਤੋਂ ਛੁਟਕਾਰਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਜੁਲਾਈ
ਸਨਅਤੀ ਅਦਾਰਿਆਂ ਦੇ ਗੜ੍ਹ ਲੁਧਿਆਣਾ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਅਬਾਦੀ ਸੰਘਣੀ ਅਤੇ ਗੱਡੀਆਂ ਦੀ ਭਰਮਾਰ ਹੋ ਗਈ ਹੈ। ਇਹੋ ਵਜ੍ਹਾ ਹੈ ਕਿ ਲੁਧਿਆਣਾ ਦੇ ਲੋਕਾਂ ਨੂੰ ਟਰੈਫਿਕ ਜਾਮ ਤੋਂ ਛੁਟਕਾਰਾ ਨਹੀਂ ਮਿਲ ਰਿਹਾ। ਕਈ ਚੌਂਕਾਂ ਵਿੱਚ ਸਵੇਰ ਅਤੇ ਸ਼ਾਮ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਜਾਣ ਕਰਕੇ ਲੋਕਾਂ ਨੂੰ ਆਪਣੇ ਕੰਮਾਂ ਅਤੇ ਸਕੂਲੀ ਬੱਚਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਲੁਧਿਆਣਾ ਵਿੱਚ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਦੇ ਬਾਹਰੋਂ ਬਾਹਰ ਰਿੰਗ ਰੋਡ ਵੀ ਤਿਆਰ ਕੀਤਾ ਗਿਆ ਹੈ। ਕਈ ਹੋਰ ਪੁਲ ਬਣਾਏ ਗਏ ਹਨ ਪਰ ਇਸ ਸਭ ਦੇ ਬਾਵਜੂਦ ਲੁਧਿਆਣਾ ਦੇ ਕਈ ਚੌਂਕਾਂ ਵਿੱਚ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸ ਦੀ ਮੁੱਖ ਵਜ੍ਹਾ ਲੁਧਿਆਣਾ ਦੀ ਸੰਘਣੀ ਆਬਾਦੀ ਅਤੇ ਗੱਡੀਆਂ ਦੀ ਹੋ ਰਹੀ ਭਰਮਾਰ ਨੂੰ ਮੰਨਿਆ ਜਾ ਸਕਦਾ ਹੈ। ਜਗਰਾਉਂ ਪੁਲ ਤੋਂ ਜਲੰਧਰ ਬਾਈਪਾਸ ਵੱਲ ਜਾਣ ਵਾਲੇ ਵਾਹਨਾਂ ਲਈ ਭਾਵੇਂ ਪੁਲ ਬਣਿਆ ਹੋਇਆ ਹੈ ਪਰ ਫਿਰ ਵੀ ਕਈ ਲੋਕ ਪੁਲ ਦੇ ਹਠੋਂ ਦੀ ਹੋ ਕੇ ਘੰਟਾ ਘਰ ਅਤੇ ਚੌੜਾ ਬਾਜ਼ਾਰ ਦੇ ਨੇੜਿਓਂ ਹੋ ਕੇ ਜਲੰਧਰ ਬਾਈਪਾਸ ਜਾਂਦੇ ਹਨ ਜਿਸ ਕਰਕੇ ਇੰਨਾਂ ਥਾਵਾਂ ’ਤੇ ਆਏ ਦਿਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ। ਇਹੋ ਹਾਲ ਮਾਤਾ ਰਾਣੀ ਚੌਕ ਨੇੜੇ ਵੀ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਗਰਾਉਂ ਪੁਲ-ਦੁਰਗਾ ਮਾਤਾ ਮੰਦਿਰ, ਸਮਰਾਲਾ ਚੌਂਕ, ਵਰਧਮਾਨ ਚੌਕ, ਜਮਾਲਪੁਰ ਚੌਂਕ, ਭਾਰਤ ਨਗਰ ਚੌਕ, ਬਸ ਸਟੈਂਡ, ਸਲੇਮ ਟਾਬਰੀ, ਜੋਧੇਵਾਲ ਬਸਤੀ ਆਦਿ ਥਾਵਾਂ ’ਤੇ ਵੀ ਸਵੇਰੇ-ਸ਼ਾਮ ਆਵਾਜਾਈ ਵੱਧ ਹੋਣ ਕਰਕੇ ਟਰੈਫਿਕ ਜਾਮ ਹੋਇਆ ਦੇਖਿਆ ਜਾ ਸਕਦਾ ਹੈ। ਟਰੈਫਿਕ ਨੂੰ ਕੰਟਰੋਲ ਕਰਨ ਲਈ ਭਾਵੇਂ ਕਈ ਚੌਂਕਾਂ ’ਤੇ ਟਰੈਫਿਕ ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ ਹੋਏ ਹਨ ਪਰ ਫਿਰ ਵੀ ਕਈ ਵਾਹਨ ਚਾਲਕਾਂ ਵੱਲੋਂ ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਕਰਕੇ ਜਾਮ ਲੱਗ ਜਾਂਦਾ ਹੈ। ਇਸ ਜਾਮ ਕਰਕੇ ਕਈ ਵਾਰ ਮਿੰਟਾਂ ਦਾ ਸਫਰ ਘੰਟਿਆਂ ਵਿੱਚ ਪੂਰਾ ਹੁੰਦਾ ਹੈ।