ਕੂੜੇ ਦੇ ਢੇਰਾਂ ਤੋਂ ਅੱਕੇ ਲੋਕਾਂ ਵੱਲੋਂ ਨਗਰ ਕੌਂਸਲ ਦਫ਼ਤਰ ਦਾ ਘਿਰਾਓ
ਰੋਸ ਮਾਰਚ ਦੌਰਾਨ ਵਿਧਾਇਕਾ ਮਾਣੂੰਕੇ ਖ਼ਿਲਾਫ਼ ਵੀ ਗੂੰਜੇ ਨਾਅਰੇ; ਤਿੰਨ ਦਿਨਾਂ ਵਿੱਚ ਕੂੜਾ ਨਾ ਚੁੱਕਣ ’ਤੇ ਦਫ਼ਤਰ ਵਿੱਚ ਸੁੱਟਣ ਦੀ ਚਿਤਾਵਨੀ
ਇਥੋਂ ਦੇ ਡਿਸਪੋਜ਼ਲ ਰੋਡ ’ਤੇ ਲਗਪਗ ਵੀਹ ਦਿਨ ਤੋਂ ਚੱਲਦੇ ਧਰਨੇ ਦੇ ਬਾਵਜੂਦ ਕੂੜੇ ਦੇ ਢੇਰ ਚੁੱਕ ਕੇ ਮਸਲਾ ਹੱਲ ਨਾ ਕਰਨ ਦੇ ਵਿਰੋਧ ਵਿੱਚ ਅੱਜ ਸ਼ਹਿਰ ਵਾਸੀਆਂ ਵੱਲੋਂ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਕੀਤਾ ਗਿਆ। ਉਹ ਹੱਥਾਂ ਵਿੱਚ ਬੈਨਰ ਫੜ ਕੇ ਧਰਨੇ ਵਾਲੀ ਥਾਂ ਤੋਂ ਪੈਦਲ ਚੱਲੇ ਅਤੇ ਪੰਜਾਬ ਸਰਕਾਰ, ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨਗਰ ਕੌਂਸਲ ਦਫ਼ਤਰ ਦੇ ਮੁੱਖ ਗੇਟ ਅੱਗੇ ਪਿੱਟ-ਸਿਆਪਾ ਵੀ ਕੀਤੀ। ਪ੍ਰਦਰਸ਼ਨਕਾਰੀਆਂ ਵਿੱਚ ਔਰਤਾਂ ਵੱਧ ਗਿਣਤੀ ਵਿੱਚ ਸ਼ਾਮਲ ਸਨ। ਸਰਪੰਚ ਬਲਜਿੰਦਰ ਸਿੰਘ, ਕੰਵਲਜੀਤ ਖੰਨਾ, ਮਦਨ ਸਿੰਘ, ਸੁੱਖ ਜਗਰਾਉਂ ਦੀ ਅਗਵਾਈ ਹੇਠ ਲੱਗੇ ਧਰਨੇ ਵਿੱਚ ਕਾਂਗਰਸੀ ਆਗੂ ਪ੍ਰਸ਼ੋਤਮ ਲਾਲ ਖਲੀਫਾ, ਜਵਾਹਰ ਵਰਮਾ ਤੇ ਹੋਰ ਕਈ ਸ਼ਖ਼ਸੀਅਤਾਂ ਵੀ ਹਮਾਇਤ ਵਜੋਂ ਸ਼ਾਮਲ ਹੋਈਆਂ। ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਵਰਕਰਾਂ ਸਣੇ ਧਰਨੇ ਵਿੱਚ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸ਼ਹਿਰ ਦੇ ਗਲੀ-ਮੁਹੱਲੇ ਗੰਦਗੀ ਦੇ ਢੇਰਾਂ ਨਾਲ ਨੂੜੇ ਪਏ ਹਨ ਪਰ ਨਗਰ ਕੌਂਸਲ ਦਾ ਕੁਪ੍ਰਬੰਧ ਇਸ ਕਦਰ ਸਿਰ ਚੜ੍ਹ ਬੋਲ ਰਿਹਾ ਹੈ। ਸਫ਼ਾਈ ਕਾਮੇ ਨਿਯਮਾਂ ਮੁਤਾਬਕ ਅੱਧੇ ਨਹੀਂ ਹਨ ਤੇ ਨਗਰ ਕੌਂਸਲ ਕੋਲ ਸ਼ਹਿਰ ਦਾ ਕੂੜਾ ਸੰਭਾਲਣ ਲਈ ਕੋਈ ਯੋਗ ਥਾਂ ਦਾ ਪ੍ਰਬੰਧ ਵੀ ਨਹੀਂ ਹੈ। ਲਗਾਤਾਰ ਦਿਨ-ਰਾਤ ਦੇ ਚੱਲਦੇ ਧਰਨੇ ਦੇ ਦਬਾਅ ਕਾਰਨ ਡਿਸਪੋਜ਼ਲ ਰੋਡ ਤੋਂ ਕੁਝ ਹੱਦ ਤੱਕ ਕੂੜਾ ਚੁੱਕ ਲਿਆ ਗਿਆ ਸੀ। ਹਾਲਾਂਕਿ, ਇਸ ਥਾਂ ’ਤੇ ਹਰ ਰੋਜ਼ ਸੁੱਟੇ ਜਾਣ ਵਾਲੇ ਕੂੜੇ ਨੂੰ ਹਰ ਰੋਜ਼ ਸਮੇਟੇ ਜਾਣ ਜਾਂ ਬਦਲਵੇਂ ਪ੍ਰਬੰਧ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਕੀਤਾ ਗਿਆ। ਪ੍ਰਧਾਨ ਅਵਤਾਰ ਸਿੰਘ, ਮਜ਼ਦੂਰ ਆਗੂ ਮਦਨ ਸਿੰਘ, ਸੁੱਖ ਜਗਰਾਉਂ, ਪ੍ਰਸ਼ੋਤਮ ਲਾਲ ਖਲੀਫਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਮਸਲਾ ਪੱਕੇ ਤੌਰ ’ਤੇ 17 ਨਵੰਬਰ ਤਕ ਹੱਲ ਨਾ ਕੀਤਾ ਗਿਆ ਤਾਂ 18 ਨਵੰਬਰ ਨੂੰ ਕੂੜਾ ਸਿਰਾਂ ’ਤੇ ਚੁੱਕ ਕੇ ਨਗਰ ਕੌਂਸਲ ਦਫ਼ਤਰ ਵਿੱਚ ਮੁਜ਼ਾਹਰੇ ਦੀ ਸ਼ਕਲ ਵਿੱਚ ਜਾ ਕੇ ਸੁੱਟਿਆ ਜਾਵੇਗਾ। ਪ੍ਰਸ਼ਾਸਨ ਵਲੋਂ ਪੰਹੁਚੇ ਤਹਿਸੀਲਦਾਰ ਵਰਿੰਦਰ ਭਾਟੀਆ ਨੇ ਧਰਨਾਕਾਰੀਆਂ ਦੀ ਮੰਗ ਉੱਚ ਅਧਿਕਾਰੀਆਂ ਤਕ ਪਹੁੰਚਾਉਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਧਰਨਾ ਚੁੱਕਿਆ ਗਿਆ।

