ਪੱਕਾ ਮਲਕ ਰੋਡ ਦਾ ਬੋਰਡ ਦੇਖਣ ਨੂੰ ਤਰਸੇ ਲੋਕ
ਜਗਰਾਉਂ-ਰਾਏਕੋਟ ਸਡ਼ਕ ’ਤੇ ਧਰਨਾ ਲਾ ਕੇ ਆਵਾਜਾਈ ਰੋਕੀ; ਡੀ ਐੱਸ ਪੀ ਨੂੰ ਮੰਗ ਪੱਤਰ ਦਿੱਤਾ
ਸਥਾਨਕ ਕੱਚਾ ਮਲਕ ਰੋਡ ਨਿਵਾਸੀਆਂ ਨੇ ਮੁਰੰਮਤ ਨੂੰ ਤਰਸਦੀ ਸੜਕ ਲਈ ਅੱਜ ਧਰਨਾ ਲਾ ਦਿੱਤਾ। ਇਸ ਧਰਨੇ ਵਿੱਚ ਕੱਚਾ ਮਲਕ ਰੋਡ ’ਤੇ ਪੈਂਦੀਆਂ ਦਰਜਨਾਂ ਦੁਕਾਨਾਂ ਦੇ ਮਾਲਕ ਸ਼ਾਮਲ ਹੋਏ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਸੜਕ ਨੂੰ ਪੱਕਾ ਕਰਵਾ ਦਿੱਤਾ ਜਾਵੇ ਅਤੇ ਉਹ ਪੱਕਾ ਮਲਕ ਰੋਡ ਦਾ ਬੋਰਡ ਆਪਣੇ ਆਪ ਲਾ ਦੇਣਗੇ।
ਅੱਜ ਸਵੇਰੇ ਕੁਝ ਦੇਰ ਲਈ ਕੱਚਾ ਮਲਕ ਰੋਡ ’ਤੇ ਧਰਨੇ ਮਗਰੋਂ ਪ੍ਰਦਰਸ਼ਨਕਾਰੀ ਨੇ ਜਗਰਾਉਂ-ਰਾਏਕੋਟ ਸੜਕ ’ਤੇ ਧਰਨਾ ਲਾ ਦਿੱਤਾ ਜਿਸ ਮਗਰੋਂ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਕਿਉਂਕਿ ਅਗਾਊਂ ਪ੍ਰਬੰਧ ਨਾ ਕਰਨ ਕਰ ਕੇ ਆਵਾਜਾਈ ਵਿੱਚ ਵਿਘਨ ਪੈ ਗਿਆ। ਪੁਲੀਸ ਪ੍ਰਸ਼ਾਸਨ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬੁੱਧਵਾਰ ਦਾ ਸਮਾਂ ਦਿੱਤਾ ਹੈ। ਇਸ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਗਿਆ।
ਇਸ ਦੇ ਨਾਲ ਹੀ ਧਰਨਾਕਾਰੀਆਂ ਨੇ ਅਗਲੀ ਵਾਰ ਰੇਲਵੇ ਪੁਲ ’ਤੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਜਦੋਂ ਧਰਨੇ ਦੌਰਾਨ ਇੱਕ-ਦੋ ਬੁਲਾਰਿਆਂ ਨੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦਾ ਨਾਂ ਲੈ ਕੇ ਨਾਅਰੇਬਾਜ਼ੀ ਕੀਤੀ ਤਾਂ ਹਰਪ੍ਰੀਤ ਸਿੰਘ ਓਬਰਾਏ ਨੇ ਵਿਰੋਧ ਜਤਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਰਵਿੰਦਰਪਾਲ ਸਿੰਘ ਰਾਜੂ, ਸਾਬਕਾ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਅਮਰਜੀਤ ਸਿੰਘ ਸੋਨੂੰ, ਰਾਮਪਾਲ ਗੋਇਲ, ਸੱਤਪਾਲ, ਅਸ਼ੋਕ ਭੰਡਾਰੀ, ਸੋਨੀ ਮੱਕੜ, ਹਰਪ੍ਰੀਤ ਸਿੰਘ ਓਬਰਾਏ, ਵਿਨੋਦ ਦੂਆ, ਰਵਿੰਦਰ ਸਿੰਘ ਓਬਰਾਏ, ਮਨੂ ਗੋਇਲ, ਕੁਲਦੀਪ ਕੁਮਾਰ, ਚੰਚਲ ਕਪੂਰ, ਕਮਲਜੀਤ ਸਿੰਘ ਮੰਗਾ, ਰਮੇਸ਼ ਕੁਮਾਰ ਆਦਿ ਨੇ ਕਿਹਾ ਕਿ ਢਾਈ-ਤਿੰਨ ਦਹਾਕੇ ਇਹ ਮਾਰਗ ਨਾਮ ਵਾਂਗ ਕੱਚਾ ਹੀ ਰਿਹਾ। ਉਨ੍ਹਾਂ ਕਿਹਾ ਕਿ ਇੱਕ ਵਾਰ ਪ੍ਰਸ਼ਾਸਨ ਇਸ ਨੂੰ ਵਧੀਆ ਸੜਕ ਬਣਾ ਦੇਵੇ ਤਾਂ ਉਹ ਖੁਦ ਬਣਵਾ ਕੇ ਇਸ ’ਤੇ ਕੱਚਾ ਮਲਕ ਰੋਡ ਦੀ ਥਾਂ ਪੱਕਾ ਮਲਕ ਰੋਡ ਦੇ ਵੱਡੇ ਬੋਰਡ ਲਾ ਦੇਣਗੇ।

