ਹਲਕਾ ਸਾਹਨੇਵਾਲ ਅਧੀਨ ਆਉਂਦੀ ਰਾਹੋਂ ਰੋਡ ਦੇ ਨਿਰਮਾਣ ਵਿੱਚ ਹੋ ਰਹੀ ਦੇਰੀ ਕਾਰਨ ਸੜਕਾਂ ਦੀ ਬਹੁਤ ਹੀ ਮਾੜੀ ਹਾਲਤ ਬਣੀ ਹੋਈ ਹੈ ਜਿਸ ਕਾਰਨ ਲੋਕ ਦੁਖੀ ਅਤੇ ਪ੍ਰੇਸ਼ਾਨ ਹਨ। ਹਲਕੇ ਦੇ ਲੋਕਾਂ ਨੇ ਇਸ ਦੇਰੀ ਦੇ ਖ਼ਿਲਾਫ਼ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਰਾਹੋਂ ਰੋਡ ਪ੍ਰਾਜੈਕਟ ਲਈ ਮਾਰਚ 2023 ਵਿੱਚ ਕੇਂਦਰ ਸਰਕਾਰ ਵੱਲੋਂ 43 ਕਰੋੜ 45 ਲੱਖ ਰੁਪਏ ਮਨਜ਼ੂਰ ਕੀਤੇ ਜਾਣ ਦੇ ਬਾਵਜੂਦ ਵੀ ਇਸ ਸੜਕ ਦਾ ਕੰਮ ਅਧੂਰਾ ਪਿਆ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਸੜਕ ਦਾ ਕੰਮ ਪੰਜਾਬ ਸਰਕਾਰ ਦੇ ਮਹਿਕਮਿਆਂ ਵੱਲੋਂ ਲਟਕਾਇਆ ਜਾ ਰਿਹਾ ਹੈ।
ਰਾਹੋਂ ਰੋਡ ਹਲਕਾ ਸਾਹਨੇਵਾਲ ਹਲਕੇ ਦੇ 50 ਤੋਂ ਵੱਧ ਪਿੰਡਾਂ ਲਈ ਜੀਵਨ-ਰੇਖਾ ਹੈ। ਇਸ ਦੇ ਮੁਕੰਮਲ ਹੋਣ ਨਾਲ ਲੁਧਿਆਣਾ ਤੋਂ ਨਵਾਂਸ਼ਹਿਰ ਦੀ ਦੂਰੀ ਅੱਧੀ ਰਹਿ ਜਾਵੇਗੀ, ਜਿਸ ਨਾਲ ਹਜ਼ਾਰਾਂ ਯਾਤਰੀਆਂ ’ਤੇ ਪੈਂਦਾ ਬੋਝ ਘਟੇਗਾ। ਸੜਕ ਦੀ ਮੌਜੂਦਾ ਹਾਲਤ ਵੇਖਣ ਤੇ ਪਤਾ ਲੱਗਦਾ ਹੈ ਕਿ ਜਿਥੇ ਕੁੱਝ ਕੰਮ ਸ਼ੁਰੂ ਕੀਤਾ ਗਿਆ ਸੀ, ਉੱਥੇ ਵੀ ਹੁਣ ਤਰਸਯੋਗ ਹਾਲਤ ਬਣੇ ਹੋਏ ਹਨ। ਸੜਕ ਵਿੱਚ ਵੱਡੇ ਵੱਡੇ ਟੋਏ ਮਾੜੀ ਸਮੱਗਰੀ ਦੀ ਵਰਤੋਂ ਦਾ ਸੰਕੇਤ ਹਨ। ਇਸ ਤੋਂ ਇਲਾਵਾ ਪਿੰਡਾਂ ਨੂੰ ਜੋੜਨ ਦੀ ਬਜਾਏ, ਇਸ ਅਧੂਰੇ ਪ੍ਰਾਜੈਕਟ ਨੇ ਅਸਲ ਵਿੱਚ 5-7 ਪਿੰਡਾਂ ਨੂੰ ਕੱਟ ਦਿੱਤਾ ਹੈ, ਜਿਸ ਨਾਲ ਲੋਕਾਂ ਦੀ ਖੱਜਲ ਖ਼ੁਆਰੀ ਬਹੁਤ ਵੱਧ ਗਈ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਤੇ ਠੇਕੇਦਾਰ ਕੰਪਨੀ ਨੂੰ ਇਸ ਸਬੰਧੀ ਜਵਾਬਦੇਹ ਬਣਾਉਣ ਅਤੇ ਇਸ ਪ੍ਰਾਜੈਕਟ ਲਈ ਚੰਗੀ ਤਰ੍ਹਾਂ ਜਾਂਚ ਕਰਵਾਉਣ ਸਬੰਧੀ ਕੇਂਦਰ ਨੂੰ ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨੀ ਚਾਹੀਦੀ ਹੈ।
ਇਸ ਦੌਰਾਨ ਭਾਜਪਾ ਬੁਲਾਰੇ ਅਤੇ ਹਲਕਾ ਸਾਹਨੇਵਾਲ ਦੇ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਇਲਾਕ਼ਾ ਨਿਵਾਸੀਆਂ ਦਾ ਇੱਕ ਵਫ਼ਦ ਜਲਦੀ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲ ਕੇ ਇਸ ਦੀ ਸਾਰੀ ਜਾਣਕਾਰੀ ਦੇਵੇਗਾ। ਇਸ ਤੋਂ ਇਲਾਵਾ ਰਾਹੋਂ ਰੋਡ ਪ੍ਰਾਜੈਕਟ ਵਿੱਚ ਸਮੇਂ, ਪੈਸੇ ਅਤੇ ਸਮੱਗਰੀ ਦੀ ਵਰਤੋਂ ਦੀ ਜਾਂਚ ਕਰਨ ਲਈ ਇੱਕ ਕੇਂਦਰੀ ਟੀਮ ਵੀ ਭੇਜਣ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਸਾਰੀ ਸੱਚਾਈ ਆਮ ਲੋਕਾਂ ਦੇ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਅਣਗਹਿਲੀ ਵਰਤਣ ਵਾਲੇ ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਹੋਰ ਸਮੱਸਿਆਵਾਂ ਨੂੰ ਰੋਕਿਆ ਜਾ ਸਕੇ।