ਬੁੱਢੇ ਦਰਿਆ ਵਿੱਚੋਂ ਮੀਂਹ ਦੇ ਪਾਣੀ ਨਾਲ ਓਵਰਫਲੋਅ ਹੋ ਕੇ ਗਲੀਆਂ ਮੁਹੱਲਿਆਂ ਵਿੱਚ ਪੁੱਜੀ ਕਾਲੀ ਗਾਰ ਤੋਂ ਲੋਕ ਹਾਲੇ ਵੀ ਪ੍ਰੇਸ਼ਾਨ ਹਨ। ਮੀਂਹ ਨੂੰ ਬੰਦ ਹੋਣ ਅੱਜ ਕਈ ਦਿਨ ਹੋ ਗਏ, ਪਰ ਬੁੱਢੇ ਦਰਿਆ ਵਿੱਚੋਂ ਨਿਕਲੀ ਕਾਲੀ ਗਾਰ ਹਾਲੇ ਵੀ ਗਲੀਆਂ ਮੁਹੱਲਿਆਂ ਵਿੱਚ ਨਿਕਲੀ ਨਹੀਂ ਹੈ। ਲੋਕ ਗਲੀਆਂ ਵਿੱਚੋਂ ਨਿਕਲਦੇ ਹੋਏ ਇਸ ਤੋਂ ਖਾਸੇ ਪ੍ਰੇਸ਼ਾਨ ਹਨ। ਉਧਰ, ਨਗਰ ਨਿਗਮ ਦੇ ਮੁਲਾਜ਼ਮ ਲਗਾਤਾਰ ਇਸਨੂੰ ਸਾਫ਼ ਕਰਨ ਦਾ ਕੰਮ ਤਾਂ ਕਰ ਰਹੇ ਹਨ, ਪਰ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਵਿੱਚ ਇਸਦੇ ਜ਼ਿਆਦਾ ਦਿੱਕਤ ਹੈ।
ਬੁੱਢਾ ਦਰਿਆ ਦੀ ਕਾਲੀ ਗਾਰ ਤੇ ਕੂੜਾ ਹਾਲੇ ਵੀ ਵਾਰਡ ਨੰਬਰ 88 ਦੀਆਂ ਗਲੀਆਂ ਵਿੱਚ ਇਕੱਠਾ ਹੈ। ਜਿਸ ਕਾਰਨ ਲੋਕਾਂ ਲਈ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਨਗਰ ਨਿਗਮ ਮੁਲਾਜ਼ਮਾਂ ਦੀ ਸਫ਼ਾਈ ਦੀ ਜਿੰਮੇਵਾਰੀ ਹੋਣ ਦੇ ਬਾਵਜੂਦ ਇਸਨੂੰ ਸਾਫ਼ ਕਰਨ ਲਈ ਕੋਈ ਹੱਲ ਨਹੀਂ ਹੋ ਰਿਹਾ। ਮੌਜੂਦਾ ਕੌਂਸਲਰ ਨੂੰ ਇਸ ਨੂੰ ਹਟਾਉਣ ਲਈ ਕਈ ਵਾਰ ਨਗਰ ਨਿਗਮ ਨੂੰ ਜਾ ਕੇ ਲਿਖਿਤ ਬੇਨਤੀ ਕਰ ਚੁੱਕਿਆ ਹੈ, ਪਰ ਉਸਦੇ ਸੁਣਵਾਈ ਨਹੀਂ ਹੋ ਰਹੀ। ਇਸ ਦੇ ਨਾਲ ਹੀ ਵਾਰਡ 81 ਵਿੱਚ ਸ਼ਮਸ਼ਾਨਘਾਟ ਦੇ ਨੇੜੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਕੌਂਸਲਰ ਮੰਜੂ ਅਗਰਵਾਲ ਅਤੇ ਸਾਬਕਾ ਕੌਂਸਲਰ ਇੰਦਰ ਅਗਰਵਾਲ ਦਾ ਕਹਿਣਾ ਹੈ ਕਿ ਬੁੱਢੇ ਦਰਿਆ ਦੀ ਗੰਦਗੀ ਹੁਣ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਉਹ ਕਈ ਵਾਰ ਨਗਰ ਨਿਗਮ ਦੇ ਕਮਿਸਨਰ ਤੇ ਮੇਅਰ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਹੱਲ ਨਹੀਂ ਹੋ ਰਿਹਾ। ਇਸ ਰੋਡ ’ਤੇ ਲਗਾਤਾਰ ਕਾਲੀ ਗਾਰ ਤੇ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਰਹੇ ਹਨ। ਜਿਥੇ ਇਹ ਕੂੜੇ ਦੇ ਢੇਰ ਲੱਗੇ ਹਨ, ਉਸ ਦੇ ਨੇੜੇ ਇੱਕ ਸ਼ਮਸ਼ਾਨਘਾਟ, ਇੱਕ ਪ੍ਰਾਚੀਨ ਗਊਸ਼ਾਲਾ, ਇੱਕ ਪ੍ਰਾਚੀਨ ਗੁਰਦੁਆਰਾ ਸਾਹਿਬ ਅਤੇ ਇੱਕ ਪ੍ਰਾਚੀਨ ਸ਼ਿਵ ਮੰਦਰ ਹੈ। ਇੱਥੋਂ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ-ਜਾਂਦੇ ਹਨ। ਪਰ ਇਸਨੂੰ ਸਾਫ਼ ਨਹੀਂ ਕਰਵਾਇਆ ਜਾ ਰਿਹਾ ਹੈ।
ਦੂਜੇ ਪਾਸੇ, ਵਾਰਡ-91 ਵਿੱਚ ਉਪਕਾਰ ਨਗਰ, ਦੀਪ ਨਗਰ, ਨਿਊ ਦੀਪ ਨਗਰ ਅਤੇ ਨਾਲ ਲੱਗਦੇ ਇਲਾਕੇ ਗੰਦਗੀ ਦੀ ਲਪੇਟ ਵਿੱਚ ਆ ਗਏ ਹਨ। ਇਲਾਕਾ ਕੌਂਸਲਰ ਤਜਿੰਦਰ ਕੌਰ ਰਾਜਾ ਅਤੇ ਕੌਂਸਲਰ ਦੇ ਪਤੀ ਤਜਿੰਦਰ ਸਿੰਘ ਰਾਜਾ ਦਾ ਕਹਿਣਾ ਹੈ ਕਿ ਵਿਧਾਇਕ ਮਦਨ ਲਾਲ ਬੱਗਾ ਦੇ ਸਹਿਯੋਗ ਨਾਲ ਸਫਾਈ ਦਾ ਕੰਮ ਚੱਲ ਰਿਹਾ ਹੈ। ਪਰ ਗੰਦਗੀ ਕਾਫ਼ੀ ਹੋਣ ਕਾਰਨ ਇਥੇ ਕੰਮ ਹਾਲੇ ਪੈਡਿੰਗ ਹੈ।