ਹਲਵਾਰਾ ’ਚ ਪੰਚਾਇਤ ਦੀ ਸਹਿਮਤੀ ਨਾ ਬਣਨ ਕਾਰਨ ਲੋਕ ਪ੍ਰੇਸ਼ਾਨ
ਸੰਤੋਖ ਗਿੱਲ
ਗੁਰੂਸਰ ਸੁਧਾਰ, 28 ਜੂਨ
ਪਿੰਡ ਹਲਵਾਰਾ ਦੇ ਸਰਪੰਚ ਸੁਖਵਿੰਦਰ ਸਿੰਘ ਕੋਲ ਪੰਚਾਇਤ ਮੈਂਬਰਾਂ ਦੇ ਬਹੁਮਤ ਦੀ ਕਮੀ ਕਾਰਨ ਪਿੰਡ ਦੇ ਸਾਰੇ ਵਿਕਾਸ ਕਾਰਜ ਤਾਂ ਰੁਕੇ ਹੀ ਪਏ ਹਨ, ਸਗੋਂ ਹਲਵਾਰਾ ਬੁਰਜ ਲਿਟਾਂ ਸੰਪਰਕ ਸੜਕ ਉਪਰ ਸੀਵਰੇਜ ਦੀਆਂ ਪਾਈਪਾਂ ਟੁੱਟ ਜਾਣ ਕਾਰਨ ਘਰਾਂ ਦਾ ਦੂਸ਼ਿਤ ਪਾਣੀ ਸੜਕ ਉਪਰ ਜਮ੍ਹਾਂ ਹੋਣ ਕਾਰਨ ਬਰਸਾਤ ਦੇ ਮੌਸਮ ਵਿੱਚ ਬਿਮਾਰੀਆਂ ਫੈਲਣ ਦਾ ਡਰ ਵੀ ਸਤਾ ਰਿਹਾ ਹੈ। ਸੜਕ ’ਤੇ ਗੰਦਾ ਪਾਣੀ ਇਕੱਠਾ ਹੋਣ ਕਾਰਨ ਪੈਦਲ ਚੱਲਣਾ ਮੁਹਾਲ ਹੋ ਗਿਆ ਹੈ ਤੇ ਆਏ ਦਿਨ ਦੋਪਹੀਆ ਸਵਾਰ ਹਾਦਸਿਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਲਗਾਤਾਰ ਪਾਣੀ ਖੜ੍ਹਨ ਕਰਕੇ ਸੜਕ ਦੀ ਹਾਲਤ ਵੀ ਖ਼ਸਤਾ ਹੋ ਗਈ ਹੈ।
ਇਸ ਬਾਰੇ ਪੜਤਾਲ ਕਰਨ ’ਤੇ ਪਤਾ ਲੱਗਿਆ ਹੈ ਕਿ ਇਲਾਕੇ ਵਿੱਚ ਬੱਚਿਆਂ ਨੂੰ ਪੇਟ ਦੀਆਂ ਬਿਮਾਰੀਆਂ ਦੀ ਸ਼ਿਕਾਇਤ ਸਾਹਮਣੇ ਆਈ ਹੈ। ਹਲਵਾਰਾ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੀਵਰੇਜ ਦੀਆਂ ਪਾਈਪਾਂ ਟੁੱਟੀਆਂ ਹੋਈਆਂ ਹਨ, ਪਰ ਪੰਚਾਇਤ ਮੈਂਬਰਾਂ ਦੇ ਸਹਿਯੋਗ ਦੀ ਘਾਟ ਕਾਰਨ, ਪਿੰਡ ਦਾ ਕੋਈ ਵੀ ਕੰਮ ਸ਼ੁਰੂ ਕਰਨ ਲਈ ਮਤਾ ਪਾਸ ਕਰਨਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਮੰਨਿਆ ਕਿ ਘਰਾਂ ਦਾ ਗੰਦਾ ਪਾਣੀ ਰਾਹਗੀਰਾਂ ਅਤੇ ਨੇੜਲੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਸੁਧਾਰ ਦੇ ਬਲਾਕ ਵਿਕਾਸ ਅਧਿਕਾਰੀ ਨੂੰ ਮਿਲਣਗੇ ਅਤੇ ਸਮੱਸਿਆ ਦੇ ਹੱਲ ਲਈ ਅਪੀਲ ਕਰਨਗੇ।
ਉੱਧਰ ਕਮਿਊਨਿਟੀ ਸਿਹਤ ਕੇਂਦਰ ਸੁਧਾਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਵਿੰਦਰ ਕੁਮਾਰ ਸੰਧੂ ਨੇ ਕਿਹਾ ਕਿ ਉਹ ਐਤਵਾਰ ਨੂੰ ਪਿੰਡ ਹਲਵਾਰਾ ਦਾ ਦੌਰਾ ਕਰਨਗੇ ਅਤੇ ਸਬੰਧਿਤ ਵਿਭਾਗਾਂ ਨੂੰ ਪੱਤਰ ਲਿਖਣਗੇ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਕਾਰਨ ਬਰਸਾਤ ਦੇ ਮੌਸਮ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਬਚਨਬੱਧ ਹੈ।