ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਲੋਕ ਪ੍ਰੇਸ਼ਾਨ: ਬੈਂਸ
ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਗਾਇਆ ਹੈ ਕਿ ‘ਆਪ’ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਲੋਕ ਨਰਕ ਵਰਗਾ ਜੀਵਨ ਜਿਊਣ ਲਈ ਮਜਬੂਰ ਹਨ ਕਿਉਂਕਿ ਬਰਸਾਤ ਦੇ ਮੌਸਮ ਵਿੱਚ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਕੋਈ ਯੋਜਨਾ ਨਹੀਂ ਬਣਾਈ ਗਈ ਤੇ ਮਾਮੂਲੀ ਜਿਹੇ ਮੀਂਹ ਨਾਲ ਹੀ ਪੂਰਾ ਸ਼ਹਿਰ ਪਾਣੀ ਨਾਲ ਭਰ ਜਾਂਦਾ ਹੈ।
ਅੱਜ ਕੋਟ ਮੰਗਲ ਸਿੰਘ ਸਥਿਤ ਆਪਣੇ ਦਫ਼ਤਰ ਵਿੱਚ ਵੱਖ-ਵੱਖ ਇਲਾਕਿਆਂ ਤੋਂ ਪੁੱਜੇ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜਿਸ ਮਰਜ਼ੀ ਪਾਸੇ ਚਲੇ ਜਾਓ ਹਰ ਥਾਂ ਟੁੱਟੀਆਂ ਸੜਕਾਂ ਅਤੇ ਵੱਡੇ-ਵੱਡੇ ਟੋਏ ਅਤੇ ਉਨ੍ਹਾਂ ਵਿੱਚ ਭਰਿਆ ਗੰਦਾ ਪਾਣੀ ਸਰਕਾਰ ਦੇ ਝੂਠੇ ਦਾਅਵਿਆਂ ਨੂੰ ਮੂੰਹ ਚਿੜ੍ਹਾਉਂਦੇ ਨਜ਼ਰ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਮੇਅਰ ਪਿਛਲੇ ਅੱਠ ਮਹੀਨਿਆਂ ਤੋਂ ਸਿਰਫ਼ ਫੀਤੇ ਕਟਣ ਹੀ ਲੱਗੇ ਹੋਏ ਹਨ। ਉਨ੍ਹਾਂ ਨੂੰ ਸ਼ਹਿਰਵਾਸੀਆਂ ਦੀ ਕੋਈ ਚਿੰਤਾ ਨਹੀਂ ਹੈ ਜਦਕਿ ਮੇਅਰ ਦਾ ਕੰਮ ਸ਼ਹਿਰ ਦਾ ਸੁਧਾਰ ਕਰਨਾ ਹੁੰਦਾ ਹੈ। ਬੈਂਸ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਸਿਰਫ਼ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ। ਬੈਂਸ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਆਵੇਗੀ।