ਸਨਅਤੀ ਸ਼ਹਿਰ ਦੇ ਵਾਰਡ ਨੰਬਰ 14 ਵਿੱਚ ਗੁਲਾਬੀ ਬਾਗ ਇਲਾਕੇ ਵਿੱਚ ਲੋਕ ਖ਼ਰਾਬ ਸੜਕਾਂ ਦੇ ਨਾਲ ਕਾਲੇ ਪਾਣੀ ਦੀ ਸਮੱਸਿਆ ਤੋਂ ਵੀ ਪ੍ਰੇਸ਼ਾਨ ਹਨ। ਇਸ ਇਲਾਕੇ ਵਿੱਚ ਸੜਕਾਂ ’ਤੇ ਤਾਂ ਗੰਦਾ ਪਾਣੀ ਖੜ੍ਹਾ ਹੀ ਹੈ, ਪਰ ਨਾਲ ਹੀ ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਰਲ ਰਿਹਾ ਹੈ। ਸਰਕਾਰ ਦੇ ਤਿੰਨ ਸਾਲ ਬੀਤਣ ਦੇ ਬਾਵਜੂਦ ਇਲਾਕਾ ਵਾਸੀਆਂ ਦੀ ਕੋਈ ਸੁਣਵਾਈ ਨਹੀਂ ਹੈ। ਸੀਵਰੇਜ਼ ਦੇ ਕਾਲੇ ਤੇ ਗੰਦੇ ਪਾਣੀ ਕਾਰਨ ਸੜਕਾਂ ਤੋਂ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਉਧਰ, ਇਲਾਕਾ ਕੌਂਸਲਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਐਸਟੀਮੇਟ ਤਿਆਰ ਕਰਵਾ ਲਿਆ ਹੈ, ਜਲਦ ਹੀ ਵਿਕਾਸ ਕਾਰਜ਼ ਸ਼ੁਰੂ ਹੋ ਜਾਣਗੇ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਸੀਵਰੇਜ਼ ਦੀ ਸਮੱਸਿਆ ਦਾ ਬਹੁਤ ਬੁਰਾ ਹਾਲ ਹੈ। ਗਲੀਆਂ ਵਿੱਚ ਹਮੇਸ਼ਾ ਹੀ ਗੰਦਾ ਤੇ ਕਾਲਾ ਪਾਣੀ ਖੜ੍ਹਾ ਰਹਿੰਦਾ ਹੈ। ਇਲਾਕਾ ਵਾਸੀ ਸਾਬੀਰ ਇਕਬਾਲ ਨੇ ਦੱਸਿਆ ਕਿ ਜਦੋਂ ਤੋਂ ਮੀਂਹ ਪੈਣਾ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਹੀ ਉਨ੍ਹਾਂ ਦੇ ਇਲਾਕੇ ਵਿੱਚ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋਈ। ਗੁਲਾਬੀ ਬਾਗ ਕਲੋਨੀ ਵਿੱਚ ਨਾਂ ਕਦੇ ਵਿਧਾਇਕ ਆਉਂਦਾ ਹੈ ਤੇ ਨਾ ਹੀ ਕੌਂਸਲਰ। ਇਥੇ ਮਸਜਿਦ ਹੈ, ਜਿਥੇ ਹਰ ਸ਼ੁੱਕਰਵਾਰ ਨੂੰ ਨਮਾਜ ਅਦਾ ਕਰਦੇ ਹਨ, ਪਰ ਗੰਦੇ ਪਾਣੀ ਕਾਰਨ ਲੋਕ ਨਮਾਜ ਨਹੀਂ ਪੜ ਸਕਦੇ। 3 ਤੋਂ 4 ਗਲੀਆਂ ਵਿੱਚ ਹਮੇਸ਼ਾ ਹੀ ਗੰਦਾ ਪਾਣੀ ਜਮ੍ਹਾਂ ਹੋ ਜਾਂਦਾ ਹੈ। ਜਿਸ ਕਰਕੇ ਇਲਾਕੇ ਦੇ ਲੋਕ ਕਾਫ਼ੀ ਪਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੁਣ ਤਾਂ ਪੀਣ ਵਾਲੇ ਪਾਣੀ ਵਿੱਚ ਵੀ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਉਨ੍ਹਾਂ ਦੋਸ਼ ਲਗਾਏ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕ ਪਰੇਸ਼ਾਨ ਹਨ ਤੇ ਸਿਆਸੀ ਆਗੂ ਚੁੱਪੀ ਧਾਰੀ ਬੈਠੇ ਹਨ।
ਸੀਵਰੇਜ ਦੀ ਪਾਈਪ ਦੀ ਮੁਰੰਮਤ ਕੀਤੀ ਜਾ ਰਹੀ ਹੈ: ਕੌਂਸਲਰ
ਕੌਂਸਲਰ ਸੁਖਮੇਲ ਸਿੰਘ ਦਾ ਕਹਿਣਾ ਹੈ ਕਿ ਟਿੱਬਾ ਰੋਡ ਵਿੱਚ ਸੀਵਰੇਜ ਦੀ ਪਾਈਪ ਟੁੱਟਣ ਕਾਰਨ ਗੁਲਾਬੀ ਬਾਗ ਕਲੋਨੀ ਵਿੱਚ ਸੀਵਰੇਜ ਜਾਮ ਦੀ ਸਮੱਸਿਆ ਆਈ ਹੈ। ਪਾਈਪ ਠੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਥੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।