200 ਫੁੱਟੀ ਸੜਕ ਦੀ ਤਰਸਯੋਗ ਹਾਲਤ ਤੋਂ ਲੋਕ ਪ੍ਰੇਸ਼ਾਨ
ਗੁਰਿੰਦਰ ਸਿੰਘ
ਲੁਧਿਆਣਾ, 16 ਜੁਲਾਈ
ਫਿਰੋਜ਼ਪੁਰ ਰੋਡ ਨੂੰ ਮਾਲੇਰਕੋਟਲਾ ਸੜਕ ਨਾਲ ਜੋੜਨ ਲਈ ਬਣਾਏ ਗਏ ਦੱਖਣੀ ਬਾਈਪਾਸ ਦੀ ਸੜਕ ਦਾ ਨੀਂਹ ਪੱਥਰ ਰੱਖੇ ਨੂੰ ਕਰੀਬ ਚਾਰ ਮਹੀਨੇ ਹੋਣ ਦੇ ਬਾਵਜੂਦ ਇਸ ਸੜਕ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਲੋਕ ਦੁਖੀ ਅਤੇ ਪ੍ਰੇਸ਼ਾਨ ਹਨ। ਇਸ ਸੜਕ ’ਤੇ ਹੋਣ ਵਾਲੇ ਕੰਮ ਦਾ ਨੀਂਹ ਪੱਥਰ 27 ਮਾਰਚ 2023 ਨੂੰ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਫੁੱਲਾਂਵਾਲ ਚੌਕ ਵਿੱਚ ਸਾਂਝੇ ਤੌਰ ’ਤੇ ਰੱਖਿਆ ਗਿਆ ਸੀ ਅਤੇ ਐਲਾਨ ਕੀਤਾ ਗਿਆ ਸੀ ਕਿ ਇਸ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾਵੇਗਾ ਪਰ ਇਸ ਸੜਕ ਦਾ ਕੰਮ ਹਾਲੇ ਤੱਕ ਸ਼ੁਰੂ ਨਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਕਾਫੀ ਵਾਧਾ ਹੋ ਗਿਆ ਹੈ। ਠੇਕੇਦਾਰ ਵੱਲੋਂ ਜੇਸੀਬੀ ਮਸ਼ੀਨਾਂ ਨਾਲ ਕਈ ਥਾਵਾਂ ਤੋਂ ਸੜਕ ਤੋੜ ਦਿੱਤੀ ਗਈ ਹੈ ਜਿਸ ਕਾਰਨ ਸੜਕ ਵਿੱਚ ਵੱਡੇ-ਵੱਡੇ ਟੋਏ ਪੈ ਗਏ ਹਨ। ਮੀਂਹਾਂ ਕਾਰਨ ਸੜਕ ’ਤੇ ਪਏ ਟੋਇਆਂ ਵਿੱਚ ਪਾਣੀ ਇਕੱਠਾ ਹੋਣ ਕਰ ਕੇ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ ਤੇ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। ਇਸ ਸੜਕ ’ਤੇ ਸਥਿਤ ਦਰਜਨਾਂ ਕਾਲੋਨੀਆਂ ਦੇ ਲੋਕਾਂ ਨੂੰ ਸਹੂਲਤ ਮਿਲਣੀ ਸੀ ਪਰ ਕੰਮ ਰੁਕਣ ਕਾਰਨ ਉਹੀ ਵੀ ਨਿਰਾਸ਼ ਹਨ। ਠੇਕੇਦਾਰ ਵੱਲੋਂ ਬੇਸ਼ੱਕ ਅਪਰੈਲ ਮਹੀਨੇ ਇਸ ਸੜਕ ਦਾ ਕੰਮ ਸ਼ੁਰੂ ਕਰ ਕੇ ਸੜਕ ਦੀ ਪੁਟਾਈ ਕੀਤੀ ਗਈ ਸੀ ਪਰ ਕੰਮ ਪੁਟਾਈ ਕਰ ਕੇ ਅੱਧਵਿਚਾਲੇ ਹੀ ਛੱਡ ਦਿੱਤਾ ਗਿਆ ਹੈ। ਠੇਕੇਦਾਰ ਵੱਲੋਂ ਆਪਣੀਆਂ ਸਾਰੀਆਂ ਮਸ਼ੀਨਾਂ ਵੀ ਉੱਥੋਂ ਹਟਾ ਲਈਆਂ ਗਈਆਂ ਹਨ। ਪੁੱਛਗਿਛ ਕਰਨ ’ਤੇ ਪਤਾ ਲੱਗਾ ਹੈ ਕਿ ਠੇਕੇਦਾਰ ਵੱਲੋਂ ਜੋ ਘੱਟ ਰਕਮ ਦਾ ਟੈਂਡਰ ਭਰਿਆ ਗਿਆ ਸੀ ਹੁਣ ਵੱਧ ਖਰਚਾ ਹੋਣ ਕਾਰਨ ਉਸ ਨੇ ਕੰਮ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਗਲਾਡਾ ਅਧਿਕਾਰੀਆਂ ਨੇ ਦੱਸਿਆ ਕਿ ਰੋਡ ਰਿਸਰਚ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਸੜਕ ਦਾ ਡਿਜ਼ਾਈਨ ਤਿਆਰ ਕਰਨ ਮੌਕੇ ਹੋਈ ਤਕਨੀਕੀ ਗਲਤੀ ਕਾਰਨ ਠੇਕੇਦਾਰ ਨੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਹੈ। ਨਵੀਆਂ ਹਦਾਇਤਾਂ ਮੁਤਾਬਕ ਇਸ ਪ੍ਰਾਜੈਕਟ ’ਤੇ ਖਰਚਾ ਵਧਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਠੇਕੇਦਾਰ ਨੇ ਕੰਮ ਕਰਨ ਤੋਂ ਹੱਥ ਖਿੱਚ ਲਏ ਹਨ।
ਮੀਂਹ ਕਾਰਨ ਸੜਕਾਂ ਦੀ ਹਾਲਤ ਖਸਤਾ
ਲੁਧਿਆਣਾ (ਖੇਤਰੀ ਪ੍ਰਤੀਨਿਧ): ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਦਿਨੀਂ ਪਏ ਮੀਂਹਾਂ ਦੌਰਾਨ ਕਈ ਸੜਕਾਂ ਦੀ ਹਾਲਤ ਖਸਤਾ ਹੋ ਗਈ ਹੈ। ਸੜਕਾਂ ਵਿੱਚ ਟੋਏ ਪੈ ਜਾਣ ਕਾਰਨ ਰਾਹਗੀਰਾਂ ਅਤੇ ਦੋ-ਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਦੇ ਹੰਬੜਾ ਰੋਡ, ਸ਼ਿੰਗਾਰ ਸਿਨੇਮਾ ਦੇ ਪਿੱਛੇ, ਤਾਜਪੁਰ ਰੋਡ, ਫਿਰੋਜ਼ਪੁਰ ਰੋਡ, ਟਰਾਂਸਪੋਰਟ ਨਗਰ, ਫੋਕਲ ਪੁਆਇੰਟ, ਰਾਹੋਂ ਰੋਡ, ਤਾਜਪੁਰ ਰੋਡ ਡੇਅਰੀ ਕੰਪਲੈਕਸ ਆਦਿ ਸੜਕਾਂ ’ਤੇ ਚੱਲਣਾ ਔਖਾ ਹੋਇਆ ਪਿਆ ਹੈ ਤੇ ਇਹ ਸੜਕਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ।