ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਵੱਲੋਂ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਅਤੇ ਵਿਕਾਸ ਸਬੰਧੀ ਬਲਾਕ ਜੇ, ਭਾਈ ਰਣਧੀਰ ਸਿੰਘ ਨਗਰ ਦੇ ਵਸਨੀਕਾਂ ਨਾਲ ਇੱਕ ਮੀਟਿੰਗ ਕੀਤੀ ਗਈ। ਕਾਂਗਰਸੀ ਆਗੂ ਕੁਲਬੀਰ ਸਿੰਘ ਨੀਟਾ ਵੱਲੋਂ ਰੱਖੀ ਮੀਟਿੰਗ ਦੌਰਾਨ ਸ੍ਰੀ ਦੀਵਾਨ ਨੇ ਜਿੱਥੇ ਲੋਕਾਂ ਨਾਲ ਵੱਖ-ਵੱਖ ਮੁੱਦਿਆਂ ਬਾਰੇ ਗੱਲਬਾਤ ਕੀਤੀ, ਉੱਥੇ ਇਲਾਕੇ ਦੇ ਵਿਕਾਸ ਕਾਰਜਾਂ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਸ੍ਰੀ ਪਵਨ ਦੀਵਾਨ ਨੇ ਕਿਹਾ ਕਿ ਲੋਕ ਵੱਡੇ ਵੱਡੇ ਦਾਅਵੇ ਕਰਨ ਵਾਲੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਆਏ ਦਿਨ ਹੋ ਰਹੀਆਂ ਅਪਰਾਧਕ ਵਾਰਦਾਤਾਂ ਅਤੇ ਅਪਰਾਧ ਦੇ ਲਗਾਤਾਰ ਵੱਧ ਰਹੇ ਗ੍ਰਾਫ ਤੋਂ ਲੋਕ ਡਰੇ ਹੋਏ ਹਨ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਹੁਣ ਲੋਕ ਇਨ੍ਹਾਂ ਨੂੰ ਸੱਤਾ ਵਿੱਚ ਲਿਆ ਕੇ ਪਛਤਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ, ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਹੈ। ਇਨ੍ਹਾਂ ਵੱਲੋਂ 2500 ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਲੋਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ 1500 ਦੀ ਬੁਢਾਪਾ ਪੈਨਸ਼ਨ ਵੀ ਨਹੀਂ ਮਿਲੀ। ਔਰਤਾਂ ਨਾਲ ਕੀਤਾ ਗਿਆ 1100 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ, ਜਿਹੜੀ ਰਕਮ ਹੁਣ ਵਿਆਜ ਸਣੇ ਕਈ ਗੁਣਾ ਵੱਧ ਚੁੱਕੀ ਹੈ।
ਸ੍ਰੀ ਦੀਵਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਲੋਕ ਹੁਣ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਬ੍ਰਿੱਜ ਮੋਹਨ ਕਾਲੀਆ, ਰਜੇਸ਼ ਅਗਰਵਾਲ, ਰਮਨ ਸ਼ਰਮਾ, ਰਾਜੇਸ਼ ਕੁਮਾਰ, ਰਾਹੁਲ ਵਿਗ, ਰੋਹਿਤ ਪਾਹਵਾ, ਅਮਰਜੀਤ ਧਾਲੀਵਾਲ, ਭੁਪਿੰਦਰ ਚੁਘ, ਕਮਲਦੀਪ ਸਿੰਘ, ਭਵਦੀਪ ਸਿੰਘ, ਅਮਰਜੀਤ ਜੁਨੇਜਾ ਵੀ ਹਾਜ਼ਰ ਸਨ।

