ਪੈਨਸ਼ਨਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਤੇ ਖਜ਼ਾਨਾ ਮੰਤਰੀ ਦਾ ਪੁਤਲਾ ਫੂਕਿਆ
ਇੱਥੇ ਪੈਨਸ਼ਨਰਜ਼ ਐਸੋਸੀਏਸ਼ਨ ਪਾਇਲ ਵੱਲੋਂ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾਂ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਬੱਸ ਸਟੈਂਡ ਅੰਦਰ ਪੁਤਲਾ ਫੂਕਿਆ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਟਿਵਾਣਾ, ਪਰਮਜੀਤ ਸਿੰਘ ਸਿਹੌੜਾ, ਬਲਦੇਵ ਕ੍ਰਿਸ਼ਨ, ਕੁਲਦੀਪ ਕੁਮਾਰ, ਸੁਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੇ ਸਾਢੇ ਤਿੰਨ ਸਾਲ ਬੀਤ ਜਾਣ ਬਾਅਦ ਵੀ ਪੈਨਸ਼ਨਰਾਂ ਦੇ ਹੱਕ ਨਹੀਂ ਦਿੱਤੇ ਗਏ। ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਰੱਖੀਆਂ ਜਾਂਦੀਆਂ ਮੀਟਿੰਗਾਂ ਨੂੰ ਬਿਨਾ ਕੋਈ ਕਾਰਨ ਦੱਸੇ ਤਰੀਕਾਂ ਅੱਗੇ ਪਾ ਕੇ ਪੈਨਸ਼ਨਰਾਂ ਦੇ ਜਖਮਾਂ ੳੱਤੇ ਲੂਣ ਛਿੜਕਣ ਦਾ ਕੰਮ ਕੀਤਾ ਗਿਆ। ਇਹੀ ਕਾਰਨ ਹੈ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦਾ ਸਰਕਾਰ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ ਤੇ ਉਨ੍ਹਾਂ ਵਿੱਚ ਸਰਕਾਰ ਵਿਰੁੱਧ ਰੋਸ ਅਤੇ ਗੁੱਸੇ ਦੀ ਭਾਵਨਾ ਪੈਦਾ ਹੋ ਰਹੀ ਹੈ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਬਜ਼ੁਰਗਾਂ ਨਾਲ ਅਜਿਹਾ ਸਲੂਕ ਕਰਕੇ ਉਨ੍ਹਾਂ ਦੀ ਬੇਇੱਜਤੀ ਕਰ ਰਹੀ ਹੈ। ਜੇ ਸਰਕਾਰ ਦਾ ਉਨ੍ਹਾਂ ਪ੍ਰਤੀ ਵਤੀਰਾ ਅਜਿਹਾ ਹੀ ਰਿਹਾ ਤੇ ਗੱਲਬਾਤ ਰਾਹੀ ਮੰਗਾਂ ਅਤੇ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਪੈਨਸ਼ਨਰ ਆਪਣੇ ਸੰਘਰਸ਼ ਨੂੰ ਨਵੀਂ ਰੂਪ-ਰੇਖਾ ਦੇਣਗੇ। ਪ੍ਰਿੰਸੀਪਲ ਮੇਜਰ ਸਿੰਘ ਨੇ ਪੰਜਾਬ ਸਰਕਾਰ ਦੇ ਛੇਵੇਂ ਪੇ ਕਮਿਸ਼ਨ ਵੱਲੋਂ ਸੁਝਾਏ, ਵਿੱਤ ਵਿਭਾਗ ਤੇ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਮਨਜ਼ੂਰ ਨੋਸ਼ਨਲ ਫਿਕਸਏਸ਼ਨ ਤੇ 2.59 ਗੁਣਾਂਕ ਦੇ ਫਾਰਮੂਲੇ ਦਰ-ਕਿਨਾਰ ਕਰਕੇ 2.44 ਅਨੁਸਾਰ ਸੋਧਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਜਿਸ ਸਾਲ ਪੈਨਸ਼ਨਰਾਂ ਨੂੰ ਹਰ ਮਹੀਨੇ ਵਿੱਤੀ ਘਾਟਾ ਪੈਂਦਾ ਹੈ। ਇਸ ਤੋਂ ਇਲਾਵਾ ਉਮਰ ਅਨੁਸਾਰ ਪੈਨਸ਼ਨਰਾਂ ਦੀ ਕੈਟੇਗਰੀ ਬਣਾਕੇ ਬਕਾਏ ਦੇਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।