ਪੀ ਏ ਯੂ ਯੁਵਕ ਮੇਲਾ: ਸਮੂਹਿਕ ਲੋਕ ਨਾਚਾਂ ’ਚ ਖੇਤੀਬਾੜੀ ਕਾਲਜ ਦੀ ਟੀਮ ਜੇਤੂ
ਸਮੂਹ ਲੋਕ ਨਾਚ, ਮਾਇਮ, ਭੰਡ ਤੇ ਇਕਾਂਗੀ ਮੁਕਾਬਲੇ ਰਹੇ ਖਿੱਚ ਦਾ ਕੇਂਦਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦੇ ਚੱਲ ਰਹੇ ਯੁਵਕ ਮੇਲੇ ਦੌਰਾਨ ਅੱਜ ਹੋਏ ਸਮੂਹਿਕ ਲੋਕ ਨਾਚ ਮੁਕਾਬਲੇ ਵਿੱਚ ਖੇਤੀਬਾੜੀ ਕਾਲਜ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਆਪਣੇ ਸਿਖਰਲੇ ਪੜ੍ਹਾਅ ਵੱਲ ਵਧ ਰਹੇ ਯੁਵਕ ਮੇਲੇ ਵਿੱਚ ਅੱਜ ਕੁਇਜ਼ ਜਨਰਲ, ਸਮੂਹ ਲੋਕ ਨਾਚ, ਮਾਇਮ, ਭੰਡ, ਮੋਨੋ ਐਕਟਿੰਗ ਅਤੇ ਇਕਾਂਗੀ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਸਮਾਗਮ ਵਿੱਚ ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਗੋਸਲ ਨੇ ਕਿਹਾ ਕਿ ਪੀ ਏ ਯੂ ਦੇ ਯੁਵਕ ਮੇਲਿਆਂ ਦੀ ਇਹ ਪਰੰਪਰਾ ਬਹੁਤ ਚਿਰਕਾਲੀ ਹੈ ਅਤੇ ਕਿੰਨੇ ਹੀ ਵਿਦਿਆਰਥੀ ਇਨ੍ਹਾਂ ਵਿੱਚ ਸਿਖਲਾਈ ਹਾਸਲ ਕਰਕੇ ਆਪਣੀ ਕਲਾ ਨੂੰ ਨਿਖਾਰ ਕੇ ਅੱਜ ਪੰਜਾਬ, ਪੰਜਾਬੀ ਅਤੇ ਪੰਜਾਬੀ ਸੱਭਿਅਚਾਰ ਦੀ ਅਣਮੋਲ ਵਿਰਾਸਤ ਦੀ ਸਾਂਭ ਸੰਭਾਲ ਕਰ ਰਹੇ ਹਨ। ਡਾ. ਗੋਸਲ ਨੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਅਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ, ਯੁਵਕ ਮੇਲਿਆਂ ਅਤੇ ਹੋਰ ਗਤੀਵਿਧੀਆਂ ਰਾਹੀਂ ਉਨ੍ਹਾਂ ਅੰਦਰ ਲੁਕੀਆਂ ਹੋਈਆਂ ਕਲਾਵਾਂ ਨੂੰ ਨਿਖਾਰ ਕੇ ਵਧੀਆ ਕਲਾਕਾਰ ਬਣਾਉਣ ਵਿੱਚ ਡਾਇਰੈਕਟੋਰੇਟ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਅੱਜ ਦੇ ਯੁਵਕ ਮੇਲੇ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਯੂਨੀਵਰਸਿਟੀ ਦੇ ਕਾਲਜ ਡਿਵੈਲਪਮੈਂਟ ਕੌਂਸਲ ਦੇ ਡੀਨ ਡਾ. ਰਵੀ ਇੰਦਰ ਸਿੰਘ ਨੇ ਕਿਹਾ ਕਿ ਪੀ ਏ ਯੂ ਆਪਣੇ ਖੇਤੀ ਵਿਗਿਆਨੀਆਂ ਦੀ ਬਦੌਲਤ ਸਿਰਫ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਕਰਨ ਵਜੋਂ ਹੀ ਨਹੀਂ ਸਗੋਂ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਪ੍ਰਸਿੱਧ ਕਰਨ ਵਜੋਂ ਵੀ ਜਾਣੀ ਜਾਂਦੀ ਹੈ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ। ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਤੂਰ, ਰਜਿਸਟਰਿੰਗ ਅਫਸਰ ਸਤਿਵੀਰ ਸਿੰਘ ਨੇ ਸਮੂਹਿਕ ਗਤੀਵਿਧੀਆਂ ਨੂੰ ਨੇਪਰੇ ਚਾੜ੍ਹਨ ਅਤੇ ਵਿਦਿਆਰਥੀਆਂ ਦੀ ਅਗਵਾਈ ਕਰਨ ਵਿੱਚ ਅਹਿਮ ਯੋਗਦਾਨ ਪਾਇਆ।
ਅੱਜ ਕੁਇਜ਼ ਵਿੱਚ ਕਾਲਜ ਆਫ ਹਾਰਟੀਕਲਚਰ ਅਤੇ ਫਾਰਿਸਟਰੀ ਦੀ ਟੀਮ ਨੇ ਪਹਿਲਾ, ਖੇਤੀਬਾੜੀ ਕਾਲਜ ਪੀ ਏ ਯੂ ਅਤੇ ਬੇਸਿਕ ਕਾਲਜ ਤੇ ਹਿਊਮੈਨਟੀਜ਼ ਕਾਲਜ ਨੇ ਸਾਂਝੇ ਤੌਰ ’ਦੇ ਦੂਜਾ ਜਦਕਿ ਖੇਤੀਬਾੜੀ ਕਾਲਜ ਅਤੇ ਤਕਨਾਲੋਜੀ ਕਾਲਜ ਨੂੰ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਹੋਇਆ। ਇਸੇ ਤਰ੍ਹਾਂ ਸਮੂਹਿਕ ਲੋਕ ਨਾਚਾਂ ਵਿੱਚ ਖੇਤੀਬਾੜੀ ਕਾਲਜ ਦੀ ਟੀਮ ਨੇ ਪਹਿਲਾ, ਕਮਿਊਨਟੀ ਸਾਇੰਸ ਕਾਲਜ ਨੇ ਦੂਜਾ ਜਦਕਿ ਖੇਤੀਬਾੜੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

