DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀਏਯੂ ਯੁਵਕ ਮੇਲਾ: ਲੋਕ ਨਾਚਾਂ ਦੇ ਨਾਂ ਰਿਹਾ ਚੌਥਾ ਦਿਨ

ਸਤਵਿੰਦਰ ਬਸਰਾ ਲੁਧਿਆਣਾ, 31 ਮਾਰਚ ਪੀਏਯੂ ਵਿੱਚ ਚੱਲ ਰਿਹੇ 37ਵੇਂ ਅੰਤਰ-’ਵਰਸਿਟੀ ਰਾਸ਼ਟਰੀ ਯੁਵਕ ਮੇਲੇ ਦਾ ਚੌਥਾ ਦਿਨ ਲੋਕ ਨਾਚਾਂ ਦਾ ਦਿਨ ਰਿਹਾ। ਇਸ ਯੁਵਕ ਮੇਲੇ ਵਿੱਚ ਪੂਰੇ ਭਾਰਤ ਦੇ ਵੱਖ ਵੱਖ ਜ਼ੋਨਾਂ ਵਿੱਚੋਂ ਜੇਤੂ ਰਹਿਣ ਵਾਲੀਆਂ 120 ਦੇ ਕਰੀਬ ’ਵਰਸਿਟੀਆਂ...
  • fb
  • twitter
  • whatsapp
  • whatsapp
featured-img featured-img
ਰਾਸ਼ਟਰੀ ਯੁਵਕ ਮੇਲੇ ਦੌਰਾਨ ਭੰਗੜਾ ਪਾਉਂਦੇ ਹੋਏ ਵਿਦਿਆਰਥੀ। -ਫੋਟੋ: ਹਿਮਾਂਸ਼ੂ
Advertisement

ਸਤਵਿੰਦਰ ਬਸਰਾ

ਲੁਧਿਆਣਾ, 31 ਮਾਰਚ

Advertisement

ਪੀਏਯੂ ਵਿੱਚ ਚੱਲ ਰਿਹੇ 37ਵੇਂ ਅੰਤਰ-’ਵਰਸਿਟੀ ਰਾਸ਼ਟਰੀ ਯੁਵਕ ਮੇਲੇ ਦਾ ਚੌਥਾ ਦਿਨ ਲੋਕ ਨਾਚਾਂ ਦਾ ਦਿਨ ਰਿਹਾ। ਇਸ ਯੁਵਕ ਮੇਲੇ ਵਿੱਚ ਪੂਰੇ ਭਾਰਤ ਦੇ ਵੱਖ ਵੱਖ ਜ਼ੋਨਾਂ ਵਿੱਚੋਂ ਜੇਤੂ ਰਹਿਣ ਵਾਲੀਆਂ 120 ਦੇ ਕਰੀਬ ’ਵਰਸਿਟੀਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਮੇਲੇ ਦੇ ਚੌਥੇ ਦਿਨ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਮੁੱਖ ਮਹਿਮਾਨ ਵਜੋਂ ਜਦੋਂਕਿ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਪਾਤਰ ਨੇ ਲੋਕ ਨਾਚਾਂ ਨੂੰ ਸੱਭਿਆਚਾਰ ਦਾ ਅਟੁੱਟ ਅੰਗ ਦੱਸਿਆ।

ਯੁਵਕ ਮੇਲੇ ਦੇ ਅੱਜ ਚੌਥੇ ਦਿਨ ਯੂਨੀਵਰਸਿਟੀ ਦੇ ਵੱਖ-ਵੱਖ ਸਥਾਨਾਂ ’ਤੇ ਲੋਕ ਨਾਚ/ਕਬੀਲਾ ਨਾਚ, ਨਕਲਾਂ, ਸਕਿੱਟ, ਮਾਈਮ, ਸਮੂਹ ਗਾਇਨ ਪੱਛਮੀ, ਕੁਇਜ਼ (ਅੰਤਿਮ), ਕਲਾਸੀਕਲ ਇੰਸਟਰੂਮੈਂਟਲ ਸੋਲੋ, ਪੱਛਮੀ ਇੰਸਟਰੂਮੈਂਟਲ (ਸੋਲੋ), ਸਪਾਟ ਪੇਂਟਿੰਗ, ਫੋਟੋਗ੍ਰਾਫੀ ਅਤੇ ਇੰਟਾਲੇਸ਼ਨ ਆਦਿ ਮੁਕਾਬਲੇ ਕਰਵਾਏ ਗਏ। ਓਪਨ ਏਅਰ ਥੀਏਟਰ ਵਿੱਚ ਵੱਖੋ-ਵੱਖ ਸੱਭਿਆਚਾਰਾਂ ਦੇ ਰਾਜਦੂਤ ਬਣ ਕੇ ਆਏ ਵਿਦਿਆਰਥੀਆਂ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।

ਡਾ. ਪਾਤਰ ਨੇ ਕਿਹਾ ਕਿ ਲੋਕ ਨਾਚ ਸਾਡੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਨ ਦਾ ਸਭ ਤੋਂ ਵਧੀਆ ਜ਼ਰੀਆ ਬਣਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕਿਸੇ ਵਿਸ਼ੇਸ਼ ਖਿੱਤੇ ਦੇ ਲੋਕ ਸਾਹਿਤ ਤੋਂ ਸਾਨੂੰ ਉਥੋਂ ਦੀਆਂ ਮਹਾਨ ਪ੍ਰੰਪਰਾਵਾਂ ਅਤੇ ਜੀਵਨ ਸ਼ੈਲੀ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ, ਉਸੇ ਤਰ੍ਹਾਂ ਲੋਕ-ਨਾਚਾਂ ਦੀਆਂ ਵੱਖ-ਵੱਖ ਮੁਦਰਾਵਾਂ ਤੋਂ ਸਾਨੂੰ ਉਨ੍ਹਾਂ ਦੇ ਸਮੁੱਚੇ ਹਾਵਾਂ-ਭਾਵਾਂ ਅਤੇ ਉਨ੍ਹਾਂ ਦੇ ਪਿੱੱਛੇ ਧੜਕਦੀ ਖੂਬਸੂਰਤ ਜ਼ਿੰਦਗੀ ਦਾ ਪਤਾ ਚਲਦਾ ਹੈ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਪੀਏਯੂ ਨੇ ਵੱਖੋ-ਵੱਖਰੇ ਸੱਭਿਆਚਾਰਾਂ ਵਿਚਲੇ ਹੁਨਰਾਂ ਨੂੰ ਇਕੱਤਰ ਕਰਨ ਦਾ ਮਹਾਨ ਉਪਰਾਲਾ ਕੀਤਾ ਹੈ।

ਉਪ-ਕੁਲਪਤੀ ਡਾ. ਸਤਿਬੀਰ ਸਿੰਘ ਨੇ ਆਪੋ-ਆਪਣੇ ਸੱਭਿਆਚਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਦਿਆਰਥੀ ਕਲਾਕਾਰਾਂ ਦੀ ਹੌਸਲਾਅਫਜ਼ਾਈ ਕੀਤੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਆਏ ਪਤਵੰਤਿਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਸਮਾਗਮ ਵਿੱਚ ਪੰਜਾਬ ਸਰਕਾਰ ਦੇ ਐਜੂਕੇਸ਼ਨਲ ਟ੍ਰਿਬਿਊਨਲ ਦੇ ਮੈਂਬਰ ਡਾ. ਧਰਮ ਸਿੰਘ ਸੰਧੂ, ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਬੀਰ ਸਿੰਘ ਚੀਮਾ ਆਦਿ ਹਾਜ਼ਰ ਸਨ।

Advertisement
×