ਪੀ ਏ ਯੂ ਯੁਵਕ ਮੇਲੇ ਦਾ ਆਗਾਜ਼
ਸੱਭਿਆਚਾਰਕ ਝਾਕੀਆਂ ਪੇਸ਼; ਪੰਜਾਬ ਵਿੱਚ ਆਏ ਹੜ੍ਹਾਂ ਦੀ ਤਰਾਸਦੀ ਨੂੰ ਦਰਸਾਉਂਦੀ ਝਾਕੀ ਨੇ ਧਿਆਨ ਖਿੱਚਿਆ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦੇ ਯੁਵਕ ਮੇਲੇ ਦੇ ਦੂਜੇ ਗੇੜ ਦਾ ਆਗਾਜ਼ ’ਵਰਸਿਟੀ ਦੇ ਵੱਖ-ਵੱਖ ਕਾਲਜਾਂ ਵੱਲੋਂ ਪੇਸ਼ ਕੀਤੀਆਂ ਸੱਭਿਆਚਾਰਕ ਝਾਕੀਆਂ ਨਾਲ ਹੋਇਆ। ਇੰਨ੍ਹਾਂ ਝਾਕੀਆਂ ਵਿੱਚ ਪੰਜਾਬੀ ਸੱਭਿਆਚਾਰ ਦੀ ਲੋਕ ਪੱਖੀ ਛਬੀ ਦੇ ਨਾਲ-ਨਾਲ ਬੀਤੇ ਮਹੀਨਿਆਂ ’ਚ ਪੰਜਾਬ ਵਿੱਚ ਆਏ ਹੜ੍ਹਾਂ ਦੀ ਤਰਾਸਦੀ ਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਓਪਨ ਏਅਰ ਥੀਏਟਰ ਵਿੱਚ ਵੀ ਪੇਸ਼ਕਾਰੀਆਂ ਹੋਈਆਂ। ਯੁਵਕ ਮੇਲੇ ਦੇ ਅੱਜ ਹੋਏ ਰਸਮੀ ਉਦਘਾਟਨ ਮੌਕੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨ, ਜਦਕਿ ਗਾਇਕ ਸਰਬਜੀਤ ਚੀਮਾ ਅਤੇ ਪੰਜਾਬੀ ਫਿਲਮ ਅਦਾਕਾਰ ਮਲਕੀਤ ਰੌਣੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਪ੍ਰਤਾਪ ਸਿੰਘ ਕੈਰੋਂ ਦੀ ਦੋਹਤਰੀ ਕੁਸ਼ਲ ਢਿੱਲੋਂ ਨੇ ਵੀ ਹਾਜ਼ਰੀ ਲਗਵਾਈ।
ਇਸ ਮੌਕੇ ਸੋਲੋ ਨਾਚ, ਪੱਛਮੀ ਸਮੂਹ ਗਾਨ, ਲਾਈਟ ਵੋਕਲ ਸੋਲੋ, ਦੋਗਾਣਾ ਅਤੇ ਭਾਰਤੀ ਸਮੂਹ ਗਾਨ ਅਤੇ ਨਾਚ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸੋਲੋ ਨਾਚ ਮੁਕਾਬਲੇ ਵਿੱਚ ਕਮਿਊਨਿਟੀ ਸਾਇੰਸ ਕਾਲਜ ਦੀ ਜਸਨੂਰ ਕੌਰ ਨੇ ਪਹਿਲਾ, ਬਾਗ਼ਬਾਨੀ ਤੇ ਜੰਗਲਾਤ ਕਾਲਜ ਦੀ ਨਵਪ੍ਰੀਤ ਕੌਰ ਨੇ ਦੂਜਾ ਅਤੇ ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਦੀ ਜਸਮੀਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਮੇਲੇ ਦੇ ਦੂਜੇ ਦਿਨ ਕੁਇਜ਼ ਜਨਰਲ, ਸਮੂਹ ਲੋਕ ਨਾਚ, ਮਾਇਮ, ਭੰਡ, ਮੋਨੋ ਐਕਟਿੰਗ ਅਤੇ ਇਕਾਂਗੀ ਦੇ ਮੁਕਾਬਲੇ ਹੋਣਗੇ।
ਇਸ ਤੋਂ ਪਹਿਲਾਂ ਉਪ ਕੁਲਪਤੀ ਡਾ. ਗੋਸਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕਰਵਾਇਆ ਜਾਂਦਾ ਸਾਲਾਨਾ ਯੁਵਕ ਮੇਲਾ ਇਸ ਸੰਸਥਾ ਦੀ ਪਛਾਣ ਬਣ ਚੁੱਕਾ ਹੈ। ਸਰਬਜੀਤ ਚੀਮਾ ਨੇ ਵਿਦਿਆਰਥੀਆਂ ਨਾਲ ਅਪਣੇ ਸੁਰੀਲੇ ਅੰਦਾਜ਼ ’ਚ ਗੱਲਬਾਤ ਕਰਦਿਆਂ ਇਨ੍ਹਾਂ ਯੁਵਕ ਮੇਲਿਆਂ ਨੂੰ ਵਿਦਿਆਰਥੀਆਂ ਦੀ ਪ੍ਰਤਿਭਾ ਦੇ ਵਿਕਾਸ ਲਈ ਅਹਿਮ ਦੱਸਿਆ। ਮਲਕੀਤ ਰੌਣੀ ਨੇ ਕਿਹਾ ਕਿ ਵਿਦਿਆਰਥੀ ਕਲਾਕਾਰ ਹੀ ਨਹੀਂ, ਬਲਕਿ ਸੱਭਿਆਚਾਰ ਦੇ ਅਸਲੀ ਵਾਰਿਸ ਹਨ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਆਉਣ ਵਾਲੇ ਤਿੰਨ ਦਿਨ ਪੀ ਏ ਯੂ ਦੇ ਵਿਹੜੇ ਸੰਗੀਤ ਦੀਆਂ ਲਹਿਰੀਆਂ, ਨਾਚ ਦੀ ਥਿਰਕਣ ਅਤੇ ਨਾਟਕਾਂ ਦੇ ਸੰਵਾਦ ਗੂੰਜਦੇ ਰਹਿਣਗੇ। ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ. ਰੁਪਿੰਦਰ ਕੌਰ ਨੇ ਯੁਵਕ ਮੇਲੇ ਦੀ ਰੂਪ-ਰੇਖਾ ਸਾਂਝੀ ਕੀਤੀ। ਅਖ਼ੀਰ ਵਿੱਚ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ. ਮਾਨਵ ਇੰਦਰਾ ਸਿੰਘ ਗਿੱਲ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਅਤੇ ਡਾ. ਆਸ਼ੂ ਤੂਰ ਨੇ ਕੀਤਾ।

