ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੱਕ ’ਚ ਆਏ ਪੀਏਯੂ ਦੇ ਵਿਦਿਆਰਥੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਜੂਨ
ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਕਟੌਤੀ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦੇ ਸੁਰੱਖਿਆ ਕਰਮੀਆਂ ਵੱਲੋਂ ਜ਼ਖ਼ਮੀ ਕਰਨ ਦੀ ਪੀਏਯੂ ਦੇ ਵਿਦਿਆਰਥੀਆਂ ਨੇ ਜ਼ੋਰਦਾਰ ਨਿਖੇਧੀ ਕਰਦਿਆਂ ਉਨ੍ਹਾਂ ਦੇ ਹੱਕ ’ਚ ਖੜ੍ਹੇ ਹੋਣ ਦਾ ਫ਼ੈਸਲਾ ਕੀਤਾ ਹੈ। ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਇਸ ਲਾਠੀਚਾਰਜ ਵਿੱਚ ਲਗਪਗ 15 ਵਿਦਿਆਰਥੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਹ ਇਸ ਵੇਲੇ ਹਿਸਾਰ ਦੇ ਜਨਰਲ ਹਸਪਤਾਲ ਵਿੱਚ ਦਾਖਲ ਹਨ।
ਇਹ ਪ੍ਰਦਰਸ਼ਨ ਸਕਾਲਰਸ਼ਿਪ ਨੀਤੀ ਵਿੱਚ ਹੋਈ ਤਬਦੀਲੀ ਦੇ ਵਿਰੋਧ ਵਿੱਚ ਹੋਏ, ਜਿਸ ਅਧੀਨ ਹੁਣ ਤੱਕ ਸਾਰੇ ਐਮ ਐਸ ਸੀ ਅਤੇ ਪੀਐਚ.ਡੀ. ਵਿਦਿਆਰਥੀ ਜੋ 75% ਜਾਂ 7.1 ਜਾਂ 7.0 ਤੋਂ ਉੱਪਰ ਸਕੋਰ ਕਰਦੇ ਸਨ, ਉਨ੍ਹਾਂ ਨੂੰ 6000 (ਐਮ ਐਸ ਸੀ ਲਈ) ਅਤੇ 10000 (ਪੀਐਚ.ਡੀ. ਲਈ) ਦੀ ਸਕਾਲਰਸ਼ਿਪ ਮਿਲਦੀ ਸੀ। ਹੁਣ ਨਵੀਂ ਨੀਤੀ ਦੇ ਤਹਿਤ ਸਿਰਫ਼ ਟੌਪ 25% ਵਿਦਿਆਰਥੀਆਂ ਨੂੰ ਹੀ ਇਹ ਸਕਾਲਰਸ਼ਿਪ ਮਿਲੇਗੀ, ਜਿਸ ਕਾਰਨ ਬਹੁਤ ਸਾਰੇ ਮਿਹਨਤੀ ਵਿਦਿਆਰਥੀ ਇਸ ਆਰਥਿਕ ਸਹਾਇਤਾ ਤੋਂ ਵਾਂਝੇ ਰਹਿ ਜਾਣਗੇ।
ਹਰਿਆਣਾ ’ਵਰਸਿਟੀ ਦੇ ਵਿਦਿਆਰਥੀਆਂ ਨੇ ਸ਼ਾਂਤਮਈ ਢੰਗ ਨਾਲ ਉਪ-ਕੁਲਪਤੀ ਦੇ ਦਫ਼ਤਰ ਨੇੜੇ ਰੋਸ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਉੱਤੇ ਯੂਨੀਵਰਸਿਟੀ ਦੀ ਸੁਰੱਖਿਆ ਨੇ ਫ਼ੌਜੀ ਤਰੀਕੇ ਨਾਲ ਹਮਲਾ ਕੀਤਾ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਵਿਦਿਆਰਥੀਆਂ ਨੇ ਸੁਰੱਖਿਆ ਕਰਮਚਾਰੀਆਂ ਉੱਤੇ ਹਮਲਾ ਕੀਤਾ ਸੀ, ਜਦਕਿ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸ਼ਾਂਤਮਈ ਸਨ ਅਤੇ ਉਨ੍ਹਾਂ ਕੋਲ ਸਾਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਵੀ ਹੈ। ਉਨ੍ਹਾਂ ਦੀਆਂ ਮੰਗਾਂ ’ਚ ਜ਼ਿੰਮੇਵਾਰ ਸੁਰੱਖਿਆ ਕਰਮਚਾਰੀਆਂ ਨੂੰ ਸਸਪੈਂਡ ਕਰਨਾ, ਪੁਰਾਣੀ ਸਕਾਲਰਸ਼ਿਪ ਨੀਤੀ ਨੂੰ ਬਹਾਲ ਕਰਨਾ ਅਤੇ ਯੂਨੀਵਰਸਿਟੀ ਦੇ ਕੁਝ ਉੱਚ ਅਧਿਕਾਰੀਆਂ ਨੂੰ ਹਟਾਉਣਾ।
ਪੀ ਏ ਯੂ ਦੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਫੈਸਲੇ ਕੇਵਲ ਇੱਕ ਯੂਨੀਵਰਸਿਟੀ ਜਾਂ ਸੂਬੇ ਤੱਕ ਸੀਮਤ ਨਹੀਂ ਹਨ, ਇਹ ਤਕਰੀਬਨ ਹਰ ਸਿੱਖਿਆ ਸੰਸਥਾ ਵਿੱਚ ਲਾਗੂ ਕੀਤੇ ਜਾ ਰਹੇ ਹਨ। ਇਸ ਲਈ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਹਮਲਿਆਂ ਖ਼ਿਲਾਫ਼ ਸਾਂਝੀ ਰਣਨੀਤੀ ਬਣਾਉਣੀ ਪਵੇਗੀ ਅਤੇ ਏਕਤਾ ਰੱਖਣੀ ਪਵੇਗੀ, ਭਾਵੇਂ ਉਹ ਕਿਸੇ ਵੀ ਕਾਲਜ, ਕੋਰਸ ਜਾਂ ਸ਼ਹਿਰ ਦੇ ਹੋਣ। ਸਿਰਫ਼ ਇੱਥੇ ਹੀ ਨਹੀਂ, ਇਸ ਹਮਲੇ ਦੀ ਜੜ੍ਹ ਤੱਕ ਪਹੁੰਚ ਕੇ ਨੀਤੀ ਪੱਧਰ ’ਤੇ ਸਰਕਾਰ ਨੂੰ ਚੁਣੌਤੀ ਦੇਣ ਨਾਲ ਹੀ ਇਸਨੂੰ ਰੋਕਿਆ ਜਾ ਸਕਦਾ ਹੈ।